ਬੰਗਲਾਦੇਸ਼ ’ਚ ਵੋਟਿੰਗ ਕੇਂਦਰ ਦੇ ਬਾਹਰ ਹੋਇਆ ਧਮਾਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਖੁਲਨਾ ’ਚ ਹੋਈ ਝੜਪ ਦੌਰਾਨ ਬੀ.ਐਨ.ਪੀ. ਵਰਕਰ ਦੀ ਗਈ ਜਾਨ

Explosion outside voting center in Bangladesh

ਢਾਕਾ : ਬੰਗਲਾਦੇਸ਼ ਵਿੱਚ ਆਮ ਚੋਣਾਂ ਲਈ ਵੋਟਿੰਗ ਜਾਰੀ ਹੈ । ਇਸ ਦੌਰਾਨ ਖੁਲਨਾ ਵਿੱਚ ਇੱਕ ਵੋਟਿੰਗ ਸੈਂਟਰ ਦੇ ਬਾਹਰ ਜਮਾਤ-ਏ-ਇਸਲਾਮੀ ਵਰਕਰਾਂ ਨਾਲ ਹੋਈ ਝੜਪ ਵਿੱਚ ਇੱਕ ਬੀ.ਐਨ.ਪੀ ਨੇਤਾ ਮੋਹਿਬੁਜ਼ਜ਼ਮਾਨ ਕੋਚੀ ਦੀ ਮੌਤ ਹੋ ਗਈ। ਬੀ.ਐਨ.ਪੀ. ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਤ ਉਦੋਂ ਹੋਈ ਜਦੋਂ ਜਮਾਤ ਦੇ ਇੱਕ ਆਗੂ ਨੇ ਉਨ੍ਹਾਂ ਨੂੰ ਧੱਕਾ ਦਿੱਤਾ, ਜਿਸ ਕਾਰਨ ਉਹ ਇੱਕ ਰੁੱਖ ਨਾਲ ਟਕਰਾ ਗਏ । ਜਦਕਿ ਜਮਾਤ ਆਗੂ ਦਾ ਦਾਅਵਾ ਹੈ ਕਿ ਮੋਹਿਬੁਜ਼ਜ਼ਮਾਨ ਹੰਗਾਮੇ ਦੌਰਾਨ ਬੀਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਾਰਟ ਅਟੈਕ ਆ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਉਧਰ ਬੰਗਲਾਦੇਸ਼ ਦੇ ਮੁੰਸ਼ੀਗੰਜ-3 ਅਤੇ ਗੋਪਾਲਗੰਜ ਸਦਰ ਇਲਾਕਿਆਂ ਵਿੱਚ ਵੋਟਿੰਗ ਕੇਂਦਰ ਦੇ ਬਾਹਰ ਦੇਸੀ ਬੰਬ ਸੁੱਟੇ ਗਏ । ਮੁੰਸ਼ੀਗੰਜ-3 ਵਿੱਚ ਧਮਾਕਿਆਂ ਤੋਂ ਬਾਅਦ ਕੁਝ ਦੇਰ ਲਈ ਵੋਟਿੰਗ ਰੋਕ ਦਿੱਤੀ ਗਈ ਸੀ, ਜੋ ਬਾਅਦ ਵਿਚ ਮੁੜ ਸ਼ੁਰੂ ਹੋ ਗਈ ਸੀ । ਇਸੇ ਤਰ੍ਹਾਂ ਗੋਪਾਲਗੰਜ ਸਦਰ ਇਲਾਕੇ ਵਿੱਚ ਧਮਾਕੇ ਕਾਰਨ ਦੋ ਸੁਰੱਖਿਆ ਕਰਮਚਾਰੀ ਅਤੇ ਇੱਕ 14 ਸਾਲ ਦੀ ਲੜਕੀ ਜ਼ਖ਼ਮੀ ਹੋ ਗਈ।

ਬੰਗਲਾਦੇਸ਼ ਵਿੱਚ ਲਗਭਗ 12.7 ਕਰੋੜ ਵੋਟਰ ਅੱਜ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਇਸ ਚੋਣ ਵਿੱਚ ਨੌਜਵਾਨਾਂ ਦੀ ਭੂਮਿਕਾ ਬਹੁਤ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਲਗਭਗ ਅੱਧੇ ਵੋਟਰ 18 ਤੋਂ 37 ਸਾਲ ਦੀ ਉਮਰ ਦੇ ਹਨ, ਜਿਨ੍ਹਾਂ ਵਿੱਚੋਂ ਲਗਭਗ 45.7 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਹਨ।