ਨਾਟੋ ਤੇ ਰੂਸ ਵਿਚਕਾਰ ਸਿੱਧੀ ਲੜਾਈ ਤੀਜਾ ਵਿਸ਼ਵ ਯੁੱਧ ਹੋਵੇਗੀ-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਰੂਸ ਨਾਲ ਲੜਨ ਲਈ ਯੂਕਰੇਨ 'ਚ ਆਪਣੀ ਫੌਜ ਨਹੀਂ ਭੇਜੇਗਾ।
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਰੂਸ ਨਾਲ ਲੜਨ ਲਈ ਯੂਕਰੇਨ 'ਚ ਆਪਣੀ ਫੌਜ ਨਹੀਂ ਭੇਜੇਗਾ। ਉਹਨਾਂ ਕਿਹਾ ਕਿ ਨਾਟੋ ਤੇ ਰੂਸ ਵਿਚਕਾਰ ਸਿੱਧੀ ਲੜਾਈ ਤੀਜਾ ਵਿਸ਼ਵ ਯੁੱਧ ਹੋਵੇਗੀ।
Joe Biden
ਉਹਨਾਂ ਟਵੀਟ ਕਰਦਿਆਂ ਲਿਖਿਆ, "ਅਸੀਂ ਇਕ ਸੰਯੁਕਤ ਅਤੇ ਮਜ਼ਬੂਤ ਨਾਟੋ ਦੀ ਪੂਰੀ ਤਾਕਤ ਨਾਲ ਨਾਟੋ ਖੇਤਰ ਦੇ ਇਕ-ਇਕ ਇੰਚ ਦੀ ਰੱਖਿਆ ਕਰਾਂਗੇ। ਅਸੀਂ ਯੂਕਰੇਨ ਵਿਚ ਰੂਸ ਨਾਲ ਨਹੀਂ ਲੜਾਂਗੇ। ਨਾਟੋ ਅਤੇ ਰੂਸ ਵਿਚਾਲੇ ਸਿੱਧੀ ਲੜਾਈ ਤੀਜੇ ਵਿਸ਼ਵ ਯੁੱਧ ਵਰਗੀ ਹੋਵੇਗੀ।"
Tweet
ਇਸ ਤੋਂ ਪਹਿਲਾਂ ਵੀ ਜੋਅ ਬਾਇਡਨ ਕਈ ਵਾਰ ਕਹਿ ਚੁੱਕੇ ਹਨ ਕਿ ਅਮਰੀਕਾ ਸਿੱਧੀ ਲੜਾਈ ਲਈ ਆਪਣੇ ਸੈਨਿਕ ਨਹੀਂ ਭੇਜੇਗਾ। ਜਦਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਨਾਟੋ ਤੋਂ ਵਾਰ-ਵਾਰ ਫੌਜੀ ਮਦਦ ਮੰਗੀ ਹੈ। ਜ਼ੇਲੇਂਸਕੀ ਨੇ ਇਹ ਵੀ ਮੰਗ ਕੀਤੀ ਕਿ ਯੂਕਰੇਨ ਨੂੰ ਨੋ-ਫਲਾਈ ਜ਼ੋਨ ਘੋਸ਼ਿਤ ਕੀਤਾ ਜਾਵੇ ਪਰ ਨਾਟੋ ਦਾ ਮੈਂਬਰ ਨਾ ਹੋਣ ਕਾਰਨ, ਪੱਛਮੀ ਦੇਸ਼ਾਂ ਨੇ ਯੂਕਰੇਨ ਵਿਚ ਨਾਟੋ ਦੇ ਦਖਲ ਤੋਂ ਇਨਕਾਰ ਕਰ ਦਿੱਤਾ।
Ukraine President
ਇਸ ਦੀ ਬਜਾਏ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਰੂਸ 'ਤੇ ਆਰਥਿਕ ਪਾਬੰਦੀਆਂ ਦਾ ਤਰੀਕਾ ਅਪਣਾਇਆ ਹੈ। ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਰੂਸ 'ਤੇ ਕਈ ਸਖ਼ਤ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕਾ ਨੇ ਰੂਸ ਤੋਂ ਤੇਲ ਦੀ ਦਰਾਮਦ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਸ਼ੁੱਕਰਵਾਰ ਨੂੰ ਜੋਅ ਬਾਇਡਨ ਨੇ ਰੂਸੀ ਸ਼ਰਾਬ, ਸਮੁੰਦਰੀ ਭੋਜਨ ਅਤੇ ਹੀਰਿਆਂ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ। ਇਸ ਦੇ ਨਾਲ ਹੀ ਰੂਸ ਦੇ ਵੱਡੇ ਕਾਰੋਬਾਰੀਆਂ 'ਤੇ ਵੀ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ।