ਭਾਰਤ ਤੇ ਮਾਰੀਸ਼ਸ ਨੇ 8 ਸਮਝੌਤਿਆਂ ’ਤੇ ਕੀਤੇ ਹਸਤਾਖ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਾਰੀਸ਼ਸ ਦੀ ਨਵੇਂ ਸੰਸਦ ਭਵਨ ਦੇ ਨਿਰਮਾਣ ’ਚ ਮਦਦ ਕਰੇਗਾ ਭਾਰਤ

India and Mauritius sign 8 agreements

ਪੋਰਟ ਲੁਈਸ: ਭਾਰਤ ਅਤੇ ਮਾਰੀਸ਼ਸ ਨੇ ਵਪਾਰ, ਸਮੁੰਦਰੀ ਸੁਰੱਖਿਆ ਅਤੇ ਰੱਖਿਆ ਸਮੇਤ ਵੱਖ-ਵੱਖ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਅੱਠ ਸਮਝੌਤਿਆਂ ’ਤੇ  ਹਸਤਾਖਰ ਕੀਤੇ ਹਨ। ਦੋਹਾਂ ਦੇਸ਼ਾਂ ਨੇ ਅਪਣੇ  ਸਬੰਧਾਂ ਨੂੰ ‘ਬਿਹਤਰ ਰਣਨੀਤਕ ਭਾਈਵਾਲੀ’ ਤਕ  ਵੀ ਵਧਾ ਦਿਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਮਾਰੀਸ਼ਸ ਦੇ ਕੌਮੀ  ਦਿਵਸ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਨੇ ‘ਗਲੋਬਲ ਸਾਊਥ’ ਲਈ ਭਾਰਤ ਦੇ ਨਵੇਂ ਦ੍ਰਿਸ਼ਟੀਕੋਣ ਦਾ ਐਲਾਨ ਕੀਤਾ, ਜਿਸ ਨੂੰ ‘ਮਹਾਸਾਗਰ’ ਜਾਂ ‘ਖੇਤਰਾਂ ’ਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸੰਪੂਰਨ ਤਰੱਕੀ’ ਕਿਹਾ ਜਾਂਦਾ ਹੈ।

ਇਸ ਮੌਕੇ ਉਨ੍ਹਾਂ ਕਿਹਾ, ‘‘ਅਸੀਂ ਇਸ ਪੂਰੇ ਖੇਤਰ ਦੀ ਸਥਿਰਤਾ ਅਤੇ ਖੁਸ਼ਹਾਲੀ ਲਈ ‘ਸਾਗਰ’ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਇਆ ਹੈ। ਅੱਜ ਇਸ ਨੂੰ ਅੱਗੇ ਵਧਾਉਂਦੇ ਹੋਏ ਮੈਂ ਕਹਿਣਾ ਚਾਹਾਂਗਾ ਕਿ ‘ਗਲੋਬਲ ਸਾਊਥ’ ਲਈ ਸਾਡਾ ਦ੍ਰਿਸ਼ਟੀਕੋਣ ਸਾਗਰ ਤੋਂ ਪਰੇ ਮਹਾਸਾਗਰ ਹੋਵੇਗਾ। ਨਵੀਂ ਪਹੁੰਚ ਵਿਕਾਸ ਲਈ ਵਪਾਰ, ਟਿਕਾਊ ਵਿਕਾਸ ਲਈ ਸਮਰੱਥਾ ਨਿਰਮਾਣ ਅਤੇ ਸਾਂਝੇ ਭਵਿੱਖ ਲਈ ਆਪਸੀ ਸੁਰੱਖਿਆ ’ਤੇ  ਧਿਆਨ ਕੇਂਦਰਿਤ ਕਰੇਗੀ।’’ ਮੋਦੀ ਨੇ ਮਾਰੀਸ਼ਸ ਦੇ ਵਿਸ਼ੇਸ਼ ਆਰਥਕ  ਖੇਤਰ ਦੀ ਸੁਰੱਖਿਆ ’ਚ ਪੂਰਾ ਸਹਿਯੋਗ ਦੇਣ ਲਈ ਭਾਰਤ ਦੀ ਵਚਨਬੱਧਤਾ ’ਤੇ  ਵੀ ਜ਼ੋਰ ਦਿਤਾ।

ਭਾਰਤ ਅਤੇ ਮਾਰੀਸ਼ਸ ਦਰਮਿਆਨ ਵਧੀ ਹੋਈ ਰਣਨੀਤਕ ਭਾਈਵਾਲੀ ’ਚ ਰੱਖਿਆ ਅਤੇ ਸੁਰੱਖਿਆ ਸਮੇਤ ਵੱਖ-ਵੱਖ ਖੇਤਰਾਂ ’ਚ ਸਹਿਯੋਗ, ਸਮੁੰਦਰੀ ਅੰਕੜੇ ਸਾਂਝਾ ਕਰਨ ਅਤੇ ਕਾਲੇ ਧਨ ਨੂੰ ਚਿੱਟਾ ਕਰਨ ਨਾਲ ਨਜਿੱਠਣ ਲਈ ਸਮਝੌਤੇ ਸ਼ਾਮਲ ਹੋਣਗੇ। ਦੋਵੇਂ ਦੇਸ਼ ਆਰਥਕ  ਅਤੇ ਵਪਾਰਕ ਸਹਿਯੋਗ ’ਤੇ  ਵੀ ਮਿਲ ਕੇ ਕੰਮ ਕਰਨਗੇ, ਜਿਸ ’ਚ ਸਰਹੱਦ ਪਾਰ ਲੈਣ-ਦੇਣ ਲਈ ਕੌਮੀ  ਮੁਦਰਾਵਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨਾ ਅਤੇ ਐਮ.ਐਸ.ਐਮ.ਈ. ਖੇਤਰ ’ਚ ਸਹਿਯੋਗ ਵਧਾਉਣਾ ਸ਼ਾਮਲ ਹੈ।

ਇਸ ਤੋਂ ਇਲਾਵਾ, ਭਾਰਤ ਮਾਰੀਸ਼ਸ ਨੂੰ ਨਵੇਂ ਸੰਸਦ ਭਵਨ ਦੇ ਨਿਰਮਾਣ ਅਤੇ ਇਕ  ਪੁਲਿਸ ਅਕੈਡਮੀ ਅਤੇ ਕੌਮੀ  ਸਮੁੰਦਰੀ ਸੂਚਨਾ ਸਾਂਝਾ ਕੇਂਦਰ ਸਥਾਪਤ ਕਰਨ ’ਚ ਮਾਰੀਸ਼ਸ ਦੀ ਸਹਾਇਤਾ ਕਰੇਗਾ।