Trump Tariff War: ਕੈਨੇਡਾ ਦੇ ਬਿਜਲੀ 'ਤੇ ਟੈਰਿਫ਼ ਲਗਾਉਣ 'ਤੇ ਭੜਕਿਆ ਅਮਰੀਕਾ, ਹੁਣ 25% ਦੀ ਥਾਂ 50% ਲਗਾਵੇਗਾ ਟੈਰਿਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਡੋਨਾਲਡ ਨੇ ਦਾਅਵਾ ਕੀਤਾ ਕਿ ਕੈਨੇਡਾ ਨੇ ਬਿਜਲੀ 'ਤੇ ਟੈਰਿਫ਼ ਲਗਾਉਣ ਦਾ ਫ਼ੈਸਲਾ ਵਾਪਸ ਲੈ ਲਿਆ

Tariff will be imposed at 50% instead of 25% Trump Tariff War

ਡੋਨਾਲਡ ਟਰੰਪ ਨੇ ਜਿਵੇਂ ਹੀ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ, ਉਨ੍ਹਾਂ ਨੇ ਦੁਨੀਆ ਵਿਚ ਵਪਾਰ ਯੁੱਧ ਸ਼ੁਰੂ ਕਰ ਦਿੱਤਾ। ਹਾਲ ਹੀ ਵਿੱਚ, ਉਨ੍ਹਾਂ ਨੇ ਕੈਨੇਡਾ ਤੋਂ ਦਰਾਮਦ ਕੀਤੇ ਸਮਾਨ 'ਤੇ 25% ਟੈਰਿਫ਼ ਦਾ ਐਲਾਨ ਕੀਤਾ, ਫਿਰ ਬਦਲੇ ਵਜੋਂ, ਕੈਨੇਡਾ ਨੇ ਵੀ ਬਿਜਲੀ 'ਤੇ 25% ਟੈਰਿਫ਼ ਦਾ ਐਲਾਨ ਕੀਤਾ।

ਇਸ ਤੋਂ ਬਾਅਦ ਕੈਨੇਡਾ 'ਤੇ ਟੈਰਿਫ਼ ਨੂੰ ਟਾਲ ਦਿੱਤਾ ਗਿਆ ਸੀ ਪਰ ਹੁਣ ਇਕ ਵਾਰ ਫਿਰ ਡੋਨਾਲਡ ਟਰੰਪ ਨੇ ਕੈਨੇਡਾ 'ਤੇ ਆਪਣਾ ਰੁਖ਼ ਸਖ਼ਤ ਕਰ ਲਿਆ ਹੈ। ਰਿਪੋਰਟਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਤੋਂ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ 'ਤੇ ਪ੍ਰਸਤਾਵਿਤ ਟੈਰਿਫ਼ ਨੂੰ ਦੁੱਗਣਾ ਕਰਨ ਦਾ ਐਲਾਨ ਕੀਤਾ ਹੈ।

ਡੋਨਾਲਡ ਟਰੰਪ ਦੇ ਇਸ ਨਵੇਂ ਐਲਾਨ ਦਾ ਮਤਲਬ ਹੈ ਕਿ ਕੈਨੇਡਾ ਤੋਂ ਅਮਰੀਕਾ ਆਉਣ ਵਾਲੇ ਸਾਰੇ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ 'ਤੇ ਹੁਣ ਪਹਿਲਾਂ ਪ੍ਰਸਤਾਵਿਤ 25 ਫ਼ੀ ਸਦੀ ਦੀ ਬਜਾਏ 50 ਫ਼ੀ ਸਦੀ ਦੇ ਟੈਰਿਫ਼ ਦਾ ਸਾਹਮਣਾ ਕਰਨਾ ਪਵੇਗਾ।

ਰਾਇਟਰਜ਼ ਦੀ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਓਨਟਾਰੀਓ, ਕੈਨੇਡਾ ਵੱਲੋਂ ਬਿਜਲੀ 'ਤੇ 25 ਫ਼ੀ ਸਦੀ ਟੈਰਿਫ਼ ਲਗਾਉਣ ਦੇ ਜਵਾਬ 'ਚ ਕੈਨੇਡਾ ਤੋਂ ਦਰਾਮਦ ਕੀਤੇ ਜਾਣ ਵਾਲੇ ਸਟੀਲ-ਐਲੂਮੀਨੀਅਮ ਉਤਪਾਦਾਂ 'ਤੇ ਟੈਰਿਫ਼ ਵਧਾਉਣ ਦਾ ਫ਼ੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਓਨਟਾਰੀਓ ਅਮਰੀਕਾ ਦੇ 15 ਲੱਖ ਘਰਾਂ ਨੂੰ ਬਿਜਲੀ ਸਪਲਾਈ ਕਰਦਾ ਹੈ। 
 

ਇਸ ਦੇ ਨਾਲ ਹੀ ਟਰੰਪ ਨੇ ਕਿਹਾ, "ਕੈਨੇਡਾ ਵਿੱਚ ਇੱਕ ਬਹੁਤ ਹੀ ਤਾਕਤਵਰ ਆਦਮੀ ਹੈ ਜਿਸ ਨੇ ਕਿਹਾ ਸੀ ਕਿ ਉਹ ਸਾਡੇ ਦੇਸ਼ ਵਿੱਚ ਆਉਣ ਵਾਲੀ ਬਿਜਲੀ 'ਤੇ ਟੈਰਿਫ਼ ਵਸੂਲਣ ਜਾ ਰਿਹਾ ਹੈ। ਹੁਣ ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਨਹੀਂ ਕਰੇਗਾ ਅਤੇ ਜੇਕਰ ਉਸ ਨੇ ਅਜਿਹਾ ਕੀਤਾ ਹੁੰਦਾ ਤਾਂ ਇਹ ਬਹੁਤ ਮਾੜੀ ਗੱਲ ਹੋਵੇਗੀ।