ਕੈਨੇਡਾ ’ਚ ਪੰਜਾਬੀ ਮੂਲ ਦਾ ਹਰਸ਼ਰਨ ਸਿੰਘ ਬਣਿਆ ਮੋਸਟ ਵਾਂਟੇਡ, ਲੱਗੇ ਪੋਸਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫਰਜ਼ੀ ਐਡਵੋਕੇਟ ਬਣ ਕੇ ਵੀਜ਼ਾ ਲਗਾਉਣ ਦੇ ਨਾਮ ’ਤੇ ਲੋਕਾਂ ਨਾਲ ਕੀਤੀ ਧੋਖਾਧੜੀ

Harsharan Singh of Punjabi origin becomes most wanted in Canada, posters put up

ਓਨਟਾਰੀਓ : ਕੈਨੇਡਾ ਵਿਚ ਪੰਜਾਬੀ ਮੂਲ ਦੇ ਸਿੱਖ ਵਿਅਕਤੀ ਨੇ ਕੈਨੇਡਾ ਵਿਚ ਫਰਜ਼ੀ ਐਡਵੋਕੇਟ ਬਣ ਕੇ ਲੋਕਾਂ ਦੀ ਵੀਜ਼ੇ ਲਗਵਾਉਣ ਦੇ ਨਾਮ 'ਤੇ ਵੱਡੀ ਠੱਗੀ ਕੀਤੀ। ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ ਰੂਪੋਸ਼ ਹੋ ਗਿਆ ਹੈ। ਹੁਣ ਕੈਨੇਡਾ ਦੀ ਕਿਚਨਰ ਪੁਲਸ ਉਸ ਦੀ ਭਾਲ ਕਰ ਰਹੀ ਹੈ। ਪੁਲਸ ਨੇ ਮੁਲਜ਼ਮ ਦੀ ਪਛਾਣ ਇਕ 34 ਸਾਲਾ ਹਰਸ਼ਰਨ ਸਿੰਘ ਆਹਲੂਵਾਲੀਆ ਵਜੋਂ ਕੀਤੀ ਹੈ। ਪੁਲਸ ਨੇ ਉਸ ਦੇ ਵਿਰੁੱਧ ਵਾਰੰਟ ਜਾਰੀ ਕਰਦਿਆਂ ਉਸ ਨੂੰ 'ਵਾਂਟੇਡ' ਐਲਾਨਿਆ ਹੈ ।
ਮੁਲਜ਼ਮ ਨੇ ਖ਼ੁਦ ਨੂੰ ਇਕ ਪੇਸ਼ੇਵਰ ਇਮੀਗ੍ਰੇਸ਼ਨ ਵਕੀਲ ਦੱਸ ਕੇ ਲੋਕਾਂ ਨੂੰ ਵਰਕ ਵੀਜ਼ਾ ਦਿਵਾਉਣ ਦੇ ਨਾਮ 'ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਹਰਸ਼ਰਨ ਆਹਲੂਵਾਲੀਆ ਨੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਖ਼ੁਦ ਨੂੰ ਓਨਟਾਰੀਓ ਦਾ ਰਜਿਸਟਰਡ ਵਕੀਲ ਦੱਸਿਆ। ਉਹ ਪੀੜਤਾਂ ਤੋਂ ਵੀਜ਼ਾ ਪ੍ਰੋਸੈਸਿੰਗ ਅਤੇ ਕਾਨੂੰਨੀ ਫ਼ੀਸ ਦੇ ਨਾਮ 'ਤੇ 5-5 ਹਜ਼ਾਰ ਕੈਨੇਡੀਅਨ ਡਾਲਰ ਵਸੂਲਦਾ ਸੀ। ਜਾਂਚ 'ਚ ਪਤਾ ਲੱਗਿਆ ਹੈ ਕਿ ਪੈਸੇ ਲੈਣ ਦੇ ਬਾਵਜੂਦ ਉਸ ਨੇ ਸਰਕਾਰੀ ਪੋਰਟਲ 'ਤੇ ਵੀਜ਼ਾ ਦੀ ਕੋਈ ਅਰਜ਼ੀ ਦਾਇਰ ਨਹੀਂ ਕੀਤੀ ਸੀ।

ਓਨਟਾਰੀਓ ਦੀ ਵਾਟਰਲੂ ਰੀਜਨਲ ਪੁਲਸ ਨੇ ਮੁਲਜ਼ਮ ਵਿਰੁੱਧ ਧੋਖਾਧੜੀ ਅਤੇ ਫਰਜ਼ੀ ਪਛਾਣ ਦੱਸਣ ਦੇ 6 ਗੰਭੀਰ ਅਪਰਾਧਿਕ ਮਾਮਲੇ ਦਰਜ ਕੀਤੇ ਹਨ। ਪੁਲਸ ਨੇ ਉਸ ਦੇ ਖ਼ਿਲਾਫ਼ ਅਧਿਕਾਰਤ ਵਾਰੰਟ ਜਾਰੀ ਕੀਤਾ ਹੈ। ਪੁਲਸ ਨੂੰ ਸ਼ੱਕ ਹੈ ਕਿ ਉਸ ਨੇ ਮਾਰਚ 2025 ਤੋਂ ਜਨਵਰੀ 2026 ਦੇ ਵਿਚਕਾਰ ਕਈ ਹੋਰ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੋ ਸਕਦਾ ਹੈ। 34 ਸਾਲਾ ਹਰਸ਼ਰਨ ਆਹਲੂਵਾਲੀਆ ਜੋ ਕਿਚਨਰ (ਓਨਟਾਰੀਓ) ਦਾ ਰਹਿਣ ਵਾਲਾ ਹੈ ਅਤੇ ਉਸ ਕੋਲ ਕੈਨੇਡੀਅਨ ਪਾਸਪੋਰਟ ਹੈ। ਉਹ ਕੋਈ ਰਜਿਸਟਰਡ ਵਕੀਲ ਨਹੀਂ ਹੈ ਪਰ ਕਾਨੂੰਨੀ ਸ਼ਬਦਾਵਲੀ ਦੀ ਵਰਤੋਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਦਾ ਸੀ।

ਉਹ ਇਕ ਵਾਰ 'ਚ ਵੱਡੀ ਰਕਮ ਲੈਣ ਦੀ ਬਜਾਏ, 'ਪ੍ਰਕਿਰਿਆ ਜਾਰੀ ਹੈ' ਦਾ ਬਹਾਨਾ ਬਣਾ ਕੇ ਮਹੀਨਿਆਂ ਤੱਕ ਕਿਸ਼ਤਾਂ ਵਿੱਚ ਪੈਸੇ ਲੈਂਦਾ ਸੀ। ਕੈਨੇਡਾ ਪੁਲਸ ਨੇ ਮੁਲਜ਼ਮ ਦੀ ਫੋਟੋ ਜਾਰੀ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਮਿਲੇ ਜਾਂ ਕੋਈ ਹੋਰ ਵਿਅਕਤੀ ਇਸ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰੇ। ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ।