ਭਾਰਤ ਦੀ 'ਗੁਆਂਢੀ ਪਹਿਲਾਂ' ਨੀਤੀ 'ਚ ਸੱਭ ਤੋਂ ਪਹਿਲਾਂ ਆਉਂਦੈ ਨੇਪਾਲ : ਮੋਦੀ
ਇਤਿਹਾਸਕ ਸ਼ਹਿਰ ਜਨਕਪੁਰ ਦੇ ਵਿਕਾਸ ਲਈ ਨੇਪਾਲ ਨੂੰ ਦਿਤੇ 100 ਕਰੋੜ ਰੁਪਏ
ਜਨਕਪੁਰ (ਨੇਪਾਲ), ਭਾਰਤ ਤੇ ਨੇਪਾਲ ਦੇ ਪੁਰਾਣੇ ਸਬੰਧਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਨੂੰ ਭਰੋਸਾ ਦਿਤਾ ਕਿ ਭਾਰਤ ਦੀ 'ਗੁਆਂਢੀ ਪਹਿਲਾਂ' ਨੀਤੀ ਵਿਚ ਉਹ ਸੱਭ ਤੋਂ ਪਹਿਲਾਂ ਆਉਂਦਾ ਹੈ। ਮੋਦੀ ਨੇ ਪਵਿੱਤਰ ਨਗਰੀ ਜਨਕਪੁਰ ਅਤੇ ਆਸਪਾਸ ਦੇ ਖੇਤਰਾਂ ਦੇ ਵਿਕਾਸ ਲਈ 100 ਕਰੋੜ ਰੁਪਏ ਦਾ ਫ਼ੰਡ ਦੇਣ ਵੀ ਐਲਾਨ ਕੀਤਾ। ਬਾਰਾਬੀਘਾ ਦੇ ਮੈਦਾਨ ਵਿਚ ਅਪਣੇ ਸਨਮਾਨ ਵਿਚ ਕਰਵਾਏ ਸਮਾਗਮ ਵਿਚ ਮੋਦੀ ਥੋੜੀ ਦੇਰ ਲਈ ਨੇਪਾਲੀ ਅਤੇ ਮੈਥਿਲੀ ਭਾਸ਼ਾ ਵਿਚ ਬੋਲੇ। ਉਨ੍ਹਾਂ ਤਿੰਨ ਵਾਰ ਜੈ ਸੀਆ ਰਾਮ ਬੋਲ ਕੇ ਅਪਣੇ ਭਾਸ਼ਨ ਦੀ ਸ਼ੁਰੂਆਤ ਕੀਤੀ।
ਮੋਦੀ ਨੇ ਕਿਹਾ ਕਿ ਉਹ ਬਤੌਰ ਪ੍ਰਧਾਨ ਮੰਤਰੀ ਨਹੀਂ ਸਗੋਂ ਮੁੱਖ ਤੀਰਥ ਯਾਤਰੀ ਦੇ ਤੌਰ 'ਤੇ ਜਨਕਪੁਰ ਪੁੱਜੇ ਹਨ। ਸਾਲ 2014 ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੀਜੀ ਵਾਰ ਨੇਪਾਲ ਦੀ ਯਾਤਰਾ 'ਤੇ ਆਏ ਮੋਦੀ ਨੇ ਰਾਮਚਰਿਤ ਮਾਨਸ ਦੀ ਚੌਪਾਈ ਪੜ੍ਹੀ। ਉਨ੍ਹਾਂ ਕਿਹਾ ਕਿ ਜਦ ਵੀ ਕੋਈ ਸਮੱਸਿਆ ਆਈ ਤਾਂ ਭਾਰਤ ਅਤੇ ਨੇਪਾਲ ਇਕ ਦੂਜੇ ਨਾਲ ਖੜੇ। ਸੱਭ ਤੋਂ ਔਖੇ ਦੌਰ ਵਿਚ ਵੀ ਇਕ ਦੂਜੇ ਲਈ ਡਟੇ ਰਹੇ। ਮੋਦੀ ਨੇ ਨੇਪਾਲ ਨੂੰ ਭਰੋਸਾ ਦਿਤਾ ਕਿ ਉਹ ਭਾਰਤ ਦੀ 'ਗੁਆਂਢੀ ਪਹਿਲਾਂ' ਨੀਤੀ ਵਿਚ ਸੱਭ ਤੋਂ ਪਹਿਲਾਂ ਆਉਂਦਾ ਹੈ। (ਏਜੰਸੀ)