ਕੈਨੇਡਾ ਦੇ ਮੰਤਰੀ ਨੂੰ ਹਵਾਈ ਅੱਡੇ 'ਤੇ ਦਸਤਾਰ ਉਤਾਰਨ ਲਈ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਹਵਾਈ ਅੱਡੇ ਦੀ ਘਟਨਾ, ਵਿਵਾਦ ਤੋਂ ਬਾਅਦ ਅਧਿਕਾਰੀਆਂ ਨੇ ਮੰਗੀ ਮਾਫ਼ੀ

Navdeep Bains

ਟੋਰੰਟੋ,ਅਮਰੀਕਾ ਦੇ ਇਕ ਹਵਾਈ ਅੱਡੇ 'ਤੇ ਕੈਨੇਡਾ ਦੇ ਸਿੱਖ ਮੰਤਰੀ ਨਵਦੀਪ ਬੈਂਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਦਸਤਾਰ ਉਤਾਰਨ ਲਈ ਕਿਹਾ ਗਿਆ ਸੀ ਪਰ ਇਸ ਘਟਨਾ ਤੋਂ ਬਾਅਦ ਵਿਵਾਦ ਪੈਦਾ ਹੋਣ ਤੋਂ ਬਾਅਦ ਹਵਾਈ ਅੱਡੇ ਦੀ ਅਧਿਕਾਰੀਆਂ ਨੇ ਮਾਫ਼ੀ ਮੰਗ ਲਈ। ਜਾਣਕਾਰੀ ਅਨੁਸਾਰ ਇਸ ਹਵਾਈ ਅੱਡੇ ਮਸ਼ੀਨਾਂ 'ਤੇ ਜਾਂਚ ਕਰਾਉਣ ਤੋਂ ਬਾਅਦ ਸਿੱਖ ਮੰਤਰੀ ਦੀ ਦਸਤਾਰ ਉਤਰਵਾਈ ਗਈ। ਇਕ ਇੰਟਰਵਿਊ ਵਿਚ ਗੱਲਬਾਤ ਕਰਦਿਆਂ ਬੈਂਸ ਨੇ ਇਸ ਘਟਨਾ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਉਹ ਸਾਲ 2017 ਵਿਚ ਅਮਰੀਕਾ ਦੇ ਮਿਸ਼ੀਗਨ ਵਿਖੇ ਸੂਬਾ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਟੋਰੰਟੋ ਲਈ ਵਾਪਸ ਜਾ ਰਹੇ ਸਨ।

ਉਨ੍ਹਾਂ ਡੇਟਰਾਇਟ ਹਵਾਈ ਅੱਡੇ 'ਤੇ ਪਹਿਲਾਂ ਮਸ਼ੀਨਾਂ ਰਾਹੀਂ ਸੁਰੱਖਿਆ ਜਾਂਚ ਕਰਵਾ ਲਈ ਸੀ ਪਰ ਕਿਉਂਕਿ ਉਨ੍ਹਾਂ ਨੇ ਦਸਤਾਰ ਸਜਾਈ ਹੋਈ ਸੀ, ਇਸ ਲਈ ਸੁਰੱਖਿਆ ਮੁਲਾਜ਼ਮ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਕ ਹੋਰ ਜਾਂਚ ਤੋਂ ਲੰਘਣਾ ਹੋਵੇਗਾ। ਸੁਰੱਖਿਆ ਮੁਲਾਜ਼ਮ ਨੇ ਬੈਂਸ ਨੂੰ ਦਸਤਾਰ ਲਾਹੁਣ ਲਈ ਕਿਹਾ ਹਾਲਾਂਕਿ ਬੈਂਸ ਨੇ ਇਸ ਦਾ ਵਿਰੋਧ ਵੀ ਕੀਤਾ ਸੀ। ਬੈਂਸ ਨੇ ਕਿਹਾ ਕਿ ਉਨ੍ਹਾਂ ਯਾਤਰਾ ਦੌਰਾਨ ਪਹਿਲਾਂ ਹੀ ਕੈਨੇਡਾ ਦੇ ਕੈਬਨਿਟ ਮੰਤਰੀ ਵਜੋਂ ਅਪਣੀ ਪਛਾਣ ਦਸ ਦਿਤੀ ਸੀ। ਇਸ ਤੋਂ ਬਾਅਦ ਕੈਨੇਡਾ ਦੇ ਅਧਿਕਾਰੀਆਂ ਨੇ ਅਮਰੀਕੀ ਅਧਿਕਾਰੀਆਂ ਕੋਲ ਰੋਸ ਪ੍ਰਗਟਾਇਆ ਸੀ ਜਿਸ ਤੋਂ ਬਾਅਦ ਅਮਰੀਕੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਮਾਫ਼ੀ ਮੰਗੀ ਸੀ।  (ਪੀ.ਟੀ.ਆਈ.)