ਪਾਕਿਸਤਾਨ 'ਚ ਚੇਲਾ ਰਾਮ ਬਣੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਿੱਖ ਭਾਈਚਾਰੇ ਦੇ ਦੋ ਮੈਂਬਰ ਸ਼ਾਮਲ

1

ਜੰਮੂ, 12 ਮਈ (ਸਰਬਜੀਤ ਸਿੰਘ) : ਧਾਰਮਕ ਮਾਮਲਿਆਂ ਦੇ ਮੰਤਰਾਲੇ ਨੇ ਨਵੇਂ ਬਣੇ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਭਰੋਸਾ ਦਿਤਾ ਹੈ ਕਿ ਗ਼ੈਰ-ਮੁਸਲਿਮ ਘੱਟ ਗਿਣਤੀਆਂ ਦੇ ਪੂਜਾ ਸਥਾਨ ਸੁਰੱਖਿਅਤ ਅਤੇ ਕਾਰਜਸ਼ੀਲ ਰੱਖੇ ਜਾਣਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਸਿੰਧ ਦੇ ਆਗੂ ਅਤੇ ਪਾਕਿਸਤਾਨ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਚੇਲਾ ਰਾਮ ਲਿਲਵਾਨੀ ਜੋ ਕਿ ਜਾਮਸ਼ੋਰੋ ਦੇ ਇਕ ਵਪਾਰਕ ਪਰਵਾਰ ਨਾਲ ਸਬੰਧਤ ਹਨ, ਨੂੰ ਕਮਿਸ਼ਨ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਕਮਿਸ਼ਨ ਵਿਚ ਦੋ ਸਿੱਖ ਮੈਂਬਰ ਵੀ ਲਏ ਗਏ ਹਨ।


ਧਾਰਮਕ ਮਾਮਲਿਆਂ ਦੇ ਮੰਤਰਾਲੇ ਵਲੋਂ ਜਾਰੀ ਨੋਟੀਫ਼ੀਕੇਸ਼ਨ ਅਨੁਸਾਰ ਕਮਿਸ਼ਨ ਦੀ ਮਿਆਦ ਤਿੰਨ ਸਾਲ ਰੱਖੀ ਗਈ ਹੈ ਜਿਸ ਵਿਚ ਸਰਕਾਰੀ ਅਧਿਕਾਰੀ ਅਤੇ ਇਕ ਚੇਅਰਮੈਨ ਸਮੇਤ ਛੇ ਗ਼ੈਰ-ਸਰਕਾਰੀ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 12 ਮੈਂਬਰਾਂ ਵਿਚੋਂ 2 ਮੁਸਲਮਾਨ, 3 ਹਿੰਦੂ, 3 ਈਸਾਈ ਭਾਈਚਾਰੇ ਦੇ ਹਨ ਜਦਕਿ 2 ਮੈਂਬਰ ਪਾਰਸੀ ਅਤੇ ਕੈਲਾਸ਼ ਭਾਈਚਾਰਿਆਂ ਨਾਲ ਅਤੇ 2 ਸਿੱਖ ਭਾਈਚਾਰੇ ਦੇ ਨਾਲ ਸਬੰਧਤ ਹਨ। ਚੇਲਾ ਰਾਮ ਲਿਲਵਾਨੀ ਤੋਂ ਇਲਾਵਾ ਕਮਿਸ਼ਨ ਦੇ ਨਵੇਂ ਬਣੇ ਹਿੰਦੂ ਮੈਂਬਰ ਕਰਾਚੀ ਤੋਂ ਸਮਾਜ ਸੇਵੀ ਡਾ. ਜੇ ਪਾਲ ਛਾਬੜੀਆ ਅਤੇ ਸਾਬਕਾ ਨੌਕਰਸ਼ਾਹ ਵਿਸ਼ਨੂੰ ਰਾਜਾ ਕਵੀ ਹਨ।


ਦੋ ਸਿੱਖ ਮੈਂਬਰਾਂ ਵਿਚ ਖ਼ੈਬਰ ਪਖਤੂਨਖਵਾ ਦੇ ਇਕ ਸਰਕਾਰੀ ਅਧਿਕਾਰੀ ਸਰੂਪ ਸਿੰਘ ਅਤੇ ਲਾਹੌਰ ਦੀ ਕਿੰਗ ਐਡਵਰਡ ਮੈਡੀਕਲ ਯੂਨੀਵਰਸਟੀ ਦੇ ਡਾ. ਮਿੰਪਾਲ ਸਿੰਘ ਵੀ ਸ਼ਾਮਲ ਹਨ। ਡਾ. ਮਿੰਪਾਲ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ। ਇਸਾਈ ਭਾਈਚਾਰੇ ਦੇ ਮੈਂਬਰਾਂ ਵਿਚ ਖ਼ੈਬਰ ਪਖਤੂਨਖਵਾ ਦੇ ਸਾਬਕਾ ਮੰਤਰੀ ਪ੍ਰੋ. ਡਾ. ਸਾਰਾ ਸਫਦਰ।  ਲਾਹੌਰ ਵਿਚ ਕੈਥੋਲਿਕ ਚਰਚ ਦੀ ਆਰਚਬਿਸ਼ਪ ਸੇਬੇਸਟੀਅਨ ਫ੍ਰਾਂਸਿਸ  ਅਤੇ ਇਕ ਰਾਜਨੀਤਕ ਪਾਰਟੀ ਪਾਕਿਸਤਾਨ ਯੂਨਾਈਟਿਡ ਕ੍ਰਿਸ਼ਚੀਅਨ ਪਾਰਟੀਸ਼ਨ ਦੇ ਪ੍ਰਧਾਨ ਐਲਬਰਟ ਡੇਵਿਡ ਸ਼ਾਮਲ ਹਨ।  ਇਸੇ ਤਰ੍ਹਾਂ ਸਾਬਕਾ ਸੈਨੇਟਰ ਰੋਸ਼ਨ ਖੁਰਸ਼ੀਦ ਭਾਰੂਚਾ ਪਾਰਸੀ ਭਾਈਚਾਰੇ ਦੇ ਇਕ ਮੈਂਬਰ ਹਨ ਜੋ ਬਲੋਚਿਸਤਾਨ ਦੀ ਕਾਰਜਕਾਰੀ ਸਰਕਾਰ ਵਿਚ ਮੰਤਰੀ ਵੀ ਰਹਿ ਚੁੱਕੇ ਹਨ। ਕੈਲਾਸ਼ ਭਾਈਚਾਰੇ  ਦੀ ਨੁਮਾਇੰਦਗੀ ਦਾਉਦ ਸ਼ਾਹ ਜੋ ਇਕ ਸਮਾਜ ਸੇਵਕ ਅਤੇ ਕਾਰੋਬਾਰੀ ਹਨ ਕਰਨਗੇ। ਦੂਜੇ ਪਾਸੇ ਕਮਿਸ਼ਨ ਦੇ ਦੋ ਮੁਸਲਿਮ ਮੈਂਬਰ ਲਾਹੌਰ ਤੋਂ ਹਨ, ਜਿਨ੍ਹਾਂ ਵਿਚ ਮੌਲਾਨਾ ਸੱਯਦ ਮੁਹੰਮਦ ਅਬਦੁੱਲ ਕਬੀਰ (ਬਾਦਸ਼ਾਹੀ ਮਸਜਿਦ ਖਤੀਬ) ਅਤੇ ਡਾ. ਸਰਫ਼ਰਾਜ਼ ਨਈਮੀ ਦਾ ਬੇਟਾ ਮੁਫਤੀ ਗੁਲਜ਼ਾਰ ਅਹਿਮਦ ਨਈਮ ਸ਼ਾਮਲ ਹਨ। ਗ੍ਰਹਿ ਮੰਤਰਾਲੇ, ਕਾਨੂੰਨ ਅਤੇ ਨਿਆਂ ਮੰਤਰਾਲੇ, ਮਨੁੱਖੀ ਅਧਿਕਾਰ ਮੰਤਰਾਲੇ, ਫੈਡਰਲ ਸਿਖਿਆ ਅਤੇ ਪੇਸ਼ੇਵਰ ਸਿਖਲਾਈ ਮੰਤਰਾਲੇ ਤੋਂ ਛੇ ਸਰਕਾਰੀ ਮੈਂਬਰਾਂ ਵਿਚ ਇਕ-ਇਕ ਪ੍ਰਤੀਨਿਧ ਸ਼ਾਮਲ ਹੈ, ਜੋ ਬੀਐਸ -20 ਦੇ ਰੈਂਕ ਤੋਂ ਘੱਟ ਨਹੀਂ ਹੋਣਗੇ।