Aurora New Zealand : ਵਾਹ! ਵਾਹ! ਧਰੁਵੀ ਰੌਸ਼ਨੀ : ‘ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Aurora New Zealand : ਨਿਊਜ਼ੀਲੈਂਡ ’ਚ ਵੇਖਣ ਨੂੰ ਮਿਲਿਆ ਕੁਦਰਤੀ ਰੌਸ਼ਨੀ (ਅਰੋਰਾ) ਦਾ ਦਿਲਕਸ਼ ਨਜ਼ਾਰਾ          

Aurora New Zealand

Aurora New Zealand : ਔਕਲੈਂਡ - ਗੁਰਬਾਣੀ ਦਾ ਇਕ ਕਥਨ ਹੈ ‘ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ॥ ਗਨੀਵ ਤੇਰੀ ਸਿਫਤਿ ਸਚੇ ਪਾਤਿਸ਼ਾਹ॥ ਅਰਥ ਕਰੀਏ ਤਾਂ ਇੰਝ ਬਣਦੈ,‘‘ਹੇ ਪ੍ਰਭੂ ਤੇਰੀ ਰਚੀ ਕੁਦਰਤ ਇਕ ਹੈਰਾਨ ਕਰਨ ਵਾਲਾ ਤਮਾਸ਼ਾ ਹੈ, ਤੇਰੇ ਚਰਨ ਸਲਾਹੁਣ-ਯੋਗ ਹਨ, ਹੇ ਸਦਾ ਰਹਿਣ ਵਾਲੇ ਪਾਤਿਸ਼ਾਹ! ਤੇਰੀ ਸਿਫ਼ਤ-ਸਾਲਾਹ ਅਮੋਲਕ ਹੈ।’’ ਇਸ ਅਚਰਜੁ ਕੁਦਰਤ ਦਾ ਇਕ ਝਲਕਾਰਾ ਵੇਖਣ ਨੂੰ ਬਹੁਤ ਵਾਰੀ ਮਿਲਦਾ ਹੈ। ਨਿਊਜ਼ੀਲੈਂਡ ਅਜਿਹਾ ਦੇਸ਼ ਹੈ ਜਿੱਥੇ ਕੁਦਰਤ ਦੇ ਝਲਕਾਰੇ ਆਮ ਵੇਖਣ ਨੂੰ ਮਿਲਦੇ ਹਨ। ਅੱਜ ਜਦੋਂ ਸੂਰਜੀ ਤੁਫ਼ਾਨ ਜਾਂ ਪੁਲਾੜ ਤੂਫ਼ਾਨ ਦੀਆਂ ਖ਼ਬਰਾਂ ਫੈਲ ਰਹੀਆਂ ਸਨ ਤਾਂ ਇਸੇ ਦੌਰਾਨ ਕ੍ਰਾਈਸਟਚਰਚ ਅਤੇ ਡੁਨੀਡਨ ਵਿਖੇ ਆਕਾਸ਼ ’ਚ ਇਕ ਅਜਿਹਾ ਝਲਕਾਰਾ ਵੇਖਿਆ ਗਿਆ ਜਿਸ ਨੂੰ ਅੰਗਰੇਜ਼ੀ ਵਿਚ ‘ਅਰੋਰਾ’ਜਾਂ ਪੰਜਾਬੀ ਵਿਚ ਕਹਿਣਾ ਹੋਵੇ ਤਾਂ ‘ਧਰੁਵੀ ਰੌਸ਼ਨੀ’ਕਿਹਾ ਜਾਂਦਾ ਹੈ। ‘ਅਰੋਰਾ ਲਾਈਟ’ਇਕ ਸੁੰਦਰ ਚਮਕਦਾਰ ਚਮਕ ਹੈ ਜੋ ਧੁਰਵੀ ਖੇਤਰਾਂ ਵਿਚ ਵਾਯੂਮੰਡਲ ਦੇ ਉਪਰਲੇ ਹਿੱਸੇ ਵਿਚ ਵਿਖਾਈ ਦਿੰਦੀ ਹੈ।
ਡੁਨੀਡਨ ਤੋਂ ਮੀਡੀਆ ਕਰਮੀ ਨਰਿੰਦਰਬੀਰ ਸਿੰਘ ਹੋਰਾਂ ਨੇ ਅੱਜ ਬਹੁਤ ਸੋਹਣੀਆਂ ਤਸਵੀਰਾਂ ਖਿੱਚ ਕੇ ਭੇਜੀਆਂ। ਕੁਝ ਜਾਣਕਾਰੀ ਸਾਂਝੀ ਕਰਦੇ ਹਾਂ। ‘ਅਰੋਰਾ’ਇਸ ਗੱਲ ਦਾ ਇਕ ਸਪੱਸ਼ਟ ਸੰਕੇਤ ਹੈ ਕਿ ਸਾਡੀ ਧਰਤੀ ਵਾਲਾ ਗ੍ਰਹਿ ਵੱਖ-ਵੱਖ ਰੂਪਾਂ ਵਿਚ ਸੂਰਜ ਨਾਲ ਜੁੜਿਆ ਹੋਇਆ ਹੈ। ਵਿਖਾਈ ਦੇਣ ਵਾਲਾ ਸਾਰਾ ਪ੍ਰਕਰਨ ਸੂਰਜ ਦੀ ਊਰਜਾ ਨਾਲ ਉਤਪੰਨ ਹੁੰਦਾ ਹੈ ਅਤੇ ਪ੍ਰਿਥਵੀ ਦੇ ਚੁੰਬਕੀ ਖੇਤਰ ’ਚ ਪ੍ਰਵੇਸ਼ ਕਰਨ ਨਾਲ ਬਹੁਤ ਕੁਝ ਵਾਪਰਦਾ ਹੈ। ‘ਅਰੋਰਾ ਜਾਂ ਧਰੁਵੀ ਰੌਸ਼ਨੀ’ ਧਰਤੀ ਤੋਂ 100 ਤੋਂ 400 ਕਿਲੋਮੀਟਰ ਉਪਰ ਹੁੰਦੀ ਹੈ।

ਪ੍ਰਾਚੀਨ ਰੋਮਨ ਅਤੇ ਯੂਨਾਨੀਆਂ ਨੂੰ ਇਨ੍ਹਾਂ ਘਟਨਾਵਾਂ ਦਾ ਗਿਆਨ ਸੀ ਅਤੇ ਉਨ੍ਹਾਂ ਨੇ ਇਨ੍ਹਾਂ ਦ੍ਰਿਸ਼ਾਂ ਦੇ ਬਹੁਤ ਦਿਲਚਸਪ ਅਤੇ ਵਿਸਤ੍ਰਿਤ ਵਰਣਨ ਦਿਤੇ ਸਨ। ਦੁਨੀਆਂ ਭਰ ਦੀਆਂ ‘ਅਰੋਰਾ’ਦੀਆਂ ਤਸਵੀਰਾਂ, ਜਿਸ ’ਚ ਬਹੁਤ ਘੱਟ ਲਾਲ ਅਤੇ ਨੀਲੀਆਂ ਲਾਈਟਾਂ ਵਾਲੇ ਚਿੱਤਰ ਸ਼ਾਮਲ ਹਨ। ‘ਅਰੋਰਾ’ ਉਦੋਂ ਬਣਦਾ ਹੈ ਜਦੋਂ ਚੁੰਬਕਮੰਡਲ ਸੂਰਜੀ ਹਵਾਵਾਂ ਦੁਆਰਾ ਕਾਫ਼ੀ ਪ੍ਰਭਾਵਤ ਹੁੰਦਾ ਹੈ ਅਤੇ ਇਲੈਕਟਰੌਨਾਂ ਅਤੇ ਪ੍ਰੋਟੋਨਾਂ ਦੇ ਚਾਰਜ ਕੀਤੇ ਕਣਾਂ ਦੇ ਚਾਲ-ਚਲਣ ਸੂਰਜੀ ਹਵਾਵਾਂ ਦੁਆਰਾ ਬਦਲ ਜਾਂਦੇ ਹਨ ਅਤੇ ਚੁੰਬਕੀ ਪਲਾਜ਼ਮਾ ਉਨ੍ਹਾਂ ਨੂੰ ਅਚਾਨਕ ਵੇਗ ਨਾਲ ਵਾਯੂਮੰਡਲ ਦੀ ਉਪਰਲੀ ਸਤ੍ਹਾ (ਥਰਮੋਸਫ਼ੀਅਰ/ਥਰਮੋਸਫ਼ੀਅਰ) ਵਿਚ ਭੇਜਦੇ ਹਨ। ਧਰਤੀ ਦੇ ਚੁੰਬਕੀ ਖੇਤਰ ਵਿਚ ਦਾਖ਼ਲ ਹੋਣ ਕਾਰਨ ਉਨ੍ਹਾਂ ਦੀ ਊਰਜਾ ਖ਼ਤਮ ਹੋ ਜਾਂਦੀ ਹੈ ।
ਵਾਯੂਮੰਡਲ ਦੇ ਕਣਾਂ ਦੇ ਨਤੀਜੇ ਵਜੋਂ ਆਇਓਨਾਈਜ਼ੇਸ਼ਨ ਅਤੇ ਫ਼ਲੋਰੋਸੈਂਸ ਕਾਰਨ, ਵੱਖ-ਵੱਖ ਰੰਗਾਂ ਦੀ ਰੋਸ਼ਨੀ ਨਿਕਲਦੀ ਹੈ। ਦੋਵਾਂ ਧਰੁਵੀ ਖੇਤਰਾਂ ਦੇ ਆਲੇ ਦੁਆਲੇ ਦੀਆਂ ਪੱਟੀਆਂ ਦੇ ਨੇੜੇ ‘ਅਰੋਰਾ’ ਦਾ ਗਠਨ ਵੀ ਕਣਾਂ ਦੇ ਅਚਾਨਕ ਵੇਗ ਦੇ ਪ੍ਰਵੇਗ ’ਤੇ ਨਿਰਭਰ ਕਰਦਾ ਹੈ। ਚਾਰਜ ਕੀਤੇ ਪ੍ਰੋਟੋਨ ਆਮ ਤੌਰ ’ਤੇ ਟਕਰਾਉਣ ਵਾਲੇ ਹਾਈਡਰੋਜਨ ਪਰਮਾਣੂਆਂ ਦੇ ਵਾਯੂਮੰਡਲ ਤੋਂ ਇਲੈਕਟਰੌਨਾਂ ਨੂੰ ਮੁੜ ਪ੍ਰਾਪਤ ਕਰਨ ਤੋਂ ਬਾਅਦ ਰੌਸ਼ਨੀ ਛੱਡਦੇ ਹਨ। ਪ੍ਰੋਟੋਨ ਅਰੋਰਸ ਨੂੰ ਅਕਸਰ ਨੀਵੇਂ ਅਕਸ਼ਾਂਸ਼ਾਂ ਤੋਂ ਦੇਖਿਆ ਜਾ ਸਕਦਾ ਹੈ। ਇਹ ਰੌਸ਼ਨੀ ਲਾਲ, ਹਰਾ, ਨੀਲਾ, ਅਲਟਰਾਵਾਇਲਟ, ਇਨਫ਼ਰਾਰੈੱਡ, ਪੀਲਾ ਅਤੇ ਗੁਲਾਬੀ ਰੰਗ ਵਿਚ ਹੁੰਦੀ ਹੈ।

(For more news apart from  fascinating sight natural light (Aurora) seen in New Zealand News in Punjabi, stay tuned to Rozana Spokesman)