ਪਾਕਿਸਤਾਨ 'ਚ ਚੋਣ ਰੈਲੀ ਦੌਰਾਨ ਆਤਮਘਾਤੀ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪੇਸ਼ਾਵਰ 'ਚ ਕਲ ਦੇਰ ਰਾਤ ਆਤਮਘਾਤੀ ਹਮਲਾਵਰ ਨੇ ਚੋਣ ਰੈਲੀ ਨੂੰ ਨਿਸ਼ਾਨਾ ਬਣਾਇਆ ਤੇ ਧਮਾਕੇ 'ਚ 20 ਜਣਿਆਂ ਦੀ ਮੌਤ ਹੋ ਗਈ। 50 ਤੋਂ ਵੱਧ...

Suicide Attack During Pakistan's Rally

ਪੇਸ਼ਾਵਰ, ਪਾਕਿਸਤਾਨ ਦੇ ਪੇਸ਼ਾਵਰ 'ਚ ਕਲ ਦੇਰ ਰਾਤ ਆਤਮਘਾਤੀ ਹਮਲਾਵਰ ਨੇ ਚੋਣ ਰੈਲੀ ਨੂੰ ਨਿਸ਼ਾਨਾ ਬਣਾਇਆ ਤੇ ਧਮਾਕੇ 'ਚ 20 ਜਣਿਆਂ ਦੀ ਮੌਤ ਹੋ ਗਈ। 50 ਤੋਂ ਵੱਧ ਲੋਕ ਜ਼ਖ਼ਮੀ ਹਨ।ਮਾਰੇ ਗਏ ਲੋਕਾਂ 'ਚ ਆਵਾਮੀ ਨੈਸ਼ਨਲ ਪਾਰਟੀ (ਏ.ਐਨ.ਪੀ.) ਦੇ ਨੇਤਾ ਹਾਰੂਨ ਬਿਲੌਰ ਵੀ ਸ਼ਾਮਲ ਹਨ। ਬਿਲੌਰ ਪੇਸ਼ਵਾਰ ਸ਼ਹਿਰ ਦੇ ਪੀ.ਕੇ.-78 ਸੀਟ ਤੋਂ ਉਮੀਦਵਾਰ ਸਨ। ਉਹ ਇਥੇ ਦੂਜੇ ਆਗੂਆਂ ਨਾਲ ਮੁਲਾਕਾਤ ਲਈ ਰੁਕੇ ਸਨ। ਜਿਵੇਂ ਹੀ ਉਹ ਸਟੇਜ 'ਤੇ ਪੁੱਜੇ ਤਾਂ ਹਮਲਾਵਰ ਨੇ ਖ਼ੁਦ ਨੂੰ ਉਡਾ ਲਿਆ। ਬਿਲੌਰ ਨੂੰ ਕਾਫ਼ੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ।

ਬੰਬ ਰੋਕੂ ਦਸਤੇ ਦੇ ਮੁਖੀ ਸ਼ੌਕਤ ਮਲਿਕ ਨੇ ਦਸਿਆ ਕਿ ਘਟਨਾ 'ਚ ਲਗਭਗ 8 ਕਿਲੋ ਡਾਇਨਾਮਾਈਨ ਦੀ ਵਰਤੋਂ ਕੀਤੀ ਗਈ ਸੀ। ਰਾਹਤ ਤੇ ਬਚਾਅ ਕਾਰਜ ਲਈ ਕਈ ਟੀਮਾਂ ਮੌਕੇ 'ਤੇ ਪੁੱਜੀਆਂ। ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪਾਕਿਸਤਾਨ 'ਚ ਇਹ ਦੂਜਾ ਵੱਡਾ ਅਤਿਵਾਦੀ ਹਮਲਾ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਵੀ ਖੈਬਰ ਪਖਤੂਨਖਵਾ ਸੂਬੇ ਦੇ ਤਖ਼ਤੀਖੇਲ 'ਚ ਇਕ ਧਮਾਕੇ ਵਿਚ 7 ਲੋਕ ਜ਼ਖ਼ਮੀ ਹੋਏ ਸਨ। ਇਨ੍ਹਾਂ 'ਚ ਮੁਤਾਹਿਦਾ ਮਜਲਿਸ-ਏ-ਅਮਲ ਪਾਰਟੀ ਦਾ ਇਕ ਉਮੀਦਵਾਰ ਵੀ ਸ਼ਾਮਲ ਸੀ।

ਚੋਣ ਰੈਲੀ ਦੌਰਾਨ ਬੰਬ ਧਮਾਕੇ ਦੀ ਘਟਨਾ 'ਤੇ ਪਾਕਿਸਤਾਨ ਦੇ ਚੋਣ ਕਮਿਸ਼ਨਰ ਸਰਦਾਰ ਮੁਹੰਮਦ ਰਜ਼ਾ ਨੇ ਗੁੱਸਾ ਪ੍ਰਗਟਾਇਆ। ਉਨ੍ਹਾਂ ਕਿਹਾ, ''ਇਹ ਸਾਡੀ ਸੁਰੱਖਿਆ ਏਜੰਸੀਆਂ ਦੀ ਕਮਜ਼ੋਰੀ ਨੂੰ ਵਿਖਾਉਂਦਾ ਹੈ। ਨਾਲ ਹੀ ਇਹ ਪਾਰਦਰਸ਼ੀ ਚੋਣ ਪ੍ਰਕਿਰਿਆ ਵਿਰੁਧ ਸਾਜ਼ਸ਼ ਹੈ।'' ਸੋਮਵਾਰ ਨੂੰ ਪਾਕਿਸਤਾਨ ਦੀ ਨੈਸ਼ਨਲ ਕਾਊਂਟਰ ਟੈਰੋਰਿਜ਼ਮ ਅਥਾਰਟੀ ਨੇ ਸੈਨੇਟ ਕਮੇਟੀ ਨੂੰ ਦਸਿਆ ਸੀ ਕਿ ਕੁੱਝ ਆਗੂਆਂ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿਤੀਆਂ ਜਾ ਰਹੀਆਂ ਹਨ।

ਇਨ੍ਹਾਂ 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖ਼ਾਨ, ਮੁੰਬਈ ਬੰਬ ਧਮਾਕੇ ਦੇ ਮੁੱਖ ਸਾਜ਼ਸ਼ਘਾੜੇ ਹਾਫ਼ਿਜ਼ ਸਈਦ ਦਾ ਬੇਟਾ ਅਤੇ ਏ.ਐਨ.ਪੀ. ਦੇ ਨੇਤਾ ਵਲੀ ਖ਼ਾਨ ਦਾ ਨਾਂ ਵੀ ਸ਼ਾਮਲ ਹੈ। (ਪੀਟੀਆਈ)