ਅਤਿਵਾਦ ਦੀ ਰਾਹ ਛੱਡ ਕੇ ਆਮ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰ ਰਹੀ ਹੈ 9 ਸਾਲ ਦੀ ਮੀਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਤਮਘਾਤੀ ਹਮਲੇ 'ਚ ਮਾਰਿਆ ਗਿਆ ਸੀ ਮੀਲਾ ਦਾ ਪਰਵਾਰ

Rehabilitating children : Indonesia 9 years old girl meela suicide bomber

ਜਕਾਰਤਾ : ਗੁਲਾਬੀ ਰੰਗ ਦਾ ਹਿਜਾਬ ਪਾ ਕੇ 9 ਸਾਲ ਦੀ ਮੀਲਾ ਅਤਿਵਾਦ ਦੀ ਰਾਹ ਛੱਡ ਕੇ ਨਵੀਂ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਉਸ ਵਿਚ ਦੁਨੀਆ ਦੇ ਪ੍ਰਤੀ ਸਿਰਫ ਪਿਆਰ ਦੀ ਭਾਵਨਾ ਹੋਵੇਗੀ। ਮੀਲਾ ਦੇ ਮਾਤਾ-ਪਿਤਾ ਨੇ ਖ਼ੁਦ ਨੂੰ ਬੰਬ ਨਾਲ ਉਡਾਉਣ ਤੋਂ ਪਹਿਲਾਂ ਉਸ ਨੂੰ ਮੋਟਰਸਾਈਕਲ ਤੋਂ ਸੁੱਟ ਦਿਤਾ ਸੀ। ਉਹ ਆਤਮਘਾਤੀ ਹਮਲਾ ਕਰਨ ਵਾਲੇ ਪਰਵਾਰ ਵਿਚ ਜਿਉਂਦੀ ਬਚੀ ਇਕਲੌਤੀ ਕੁੜੀ ਹੈ। ਇੰਡੋਨੇਸ਼ੀਆ ਬੱਚਿਆਂ ਸਮੇਤ ਪਰਵਾਰ ਵਲੋਂ ਆਤਮਘਾਤੀ ਧਮਾਕਿਆਂ ਨਾਲ ਦਹਿਲਿਆ ਹੋਇਆ ਹੈ। ਯਤੀਮ ਅਤੇ ਕੱਟੜ ਬਣਾ ਦਿਤੀ ਗਈ ਮੀਲਾ ਦੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਪੈਦਾ ਹੋ ਗਈਆਂ ਸਨ ਪਰ ਪੁਨਰਵਾਸ ਦੀਆਂ ਕੋਸ਼ਿਸ਼ਾਂ ਨਾਲ ਮੀਲਾ ਅਤੇ ਉਸ ਵਰਗੇ ਹੋਰ ਬੱਚਿਆਂ ਨੂੰ ਸਾਧਾਰਨ ਜ਼ਿੰਦਗੀ ਜਿਉਣ ਦਾ ਮੌਕਾ ਦਿਤਾ ਗਿਆ ਹੈ। ਬੱਚੀ ਨੂੰ ਮੀਲਾ ਨਾਮ ਏ.ਐਫ.ਪੀ. ਨੇ ਦਿਤਾ ਹੈ।

ਉਹ ਉਸ ਛੋਟੇ ਜਿਹੇ ਸਮੂਹ ਦੀ ਮੈਂਬਰ ਹੈ ਜਿਨ੍ਹਾਂ ਦਾ ਜਕਾਰਤਾ ਵਿਚ ਇਕ ਅਨੋਖੀ ਯੋਜਨਾ ਦੇ ਤਹਿਤ ਇਲਾਜ ਚਲ ਰਿਹਾ ਹੈ। ਉਥੇ ਉਸ ਦੀ ਮਨੋ ਵਿਗਿਆਨਕ ਅਤੇ ਸਮਾਜਕ ਦੇਖਭਾਲ ਕੀਤੀ ਜਾ ਰਹੀ ਹੈ। ਇਹ ਅਤਿਵਾਦੀ ਸਾਜ਼ਸ਼ਾਂ ਵਿਚ ਸ਼ਾਮਲ ਆਤਮਘਾਤੀ ਹਮਲਾਵਰਾਂ ਜਾਂ ਬੱਚਿਆਂ ਨੂੰ ਸਹੀ ਰਸਤੇ 'ਤੇ ਲਿਆਉਣ ਦੀ ਯੋਜਨਾ ਹੈ। ਦੁਨੀਆ ਦਾ ਸਭ ਤੋਂ ਵੱਡਾ ਮੁਸਲਿਮ ਬਹੁ ਗਿਣਤੀ ਦੇਸ਼ ਆਤਮਘਾਤੀ ਪਰਵਾਰਕ ਹਮਲਿਆਂ ਨਾਲ ਜੂਝ ਰਿਹਾ ਹੈ। ਦੇਸ਼ ਇਸ ਸਮੱਸਿਆ ਨਾਲ ਵੀ ਜੂਝ ਰਿਹਾ ਹੈ ਕਿ ਆਈ.ਐੱਸ.ਆਈ.ਐੱਸ. ਤੋਂ ਪਰਤੇ ਜਿਹਾਦੀਆਂ ਨੂੰ ਮੁੜ ਕਿਵੇਂ ਮੁੱਖਧਾਰਾ ਨਾਲ ਜੋੜਿਆ ਜਾਵੇ।

ਪੁਨਰਵਾਸ ਕੇਂਦਰ ਦੀ ਪ੍ਰਮੁਖ ਨੇਨੇਂਗ ਹੇਯਾਰਨੀ ਨੇ ਕਿਹਾ,''ਬੱਚਿਆਂ ਨਾਲ ਨਜਿਠਣਾ ਆਸਾਨ ਨਹੀਂ ਰਿਹਾ ਕਿਉਂਕਿ ਉਹ ਅਤਿਵਾਦ ਵਿਚ ਵਿਸ਼ਵਾਸ ਰਖਦੇ ਹਨ ਅਤੇ ਮੰਨਦੇ ਹਨ ਕਿ ਧਮਾਕੇ ਕਰਨਾ ਚੰਗੀ ਚੀਜ਼ ਹੈ।'' ਉਨ੍ਹਾਂ ਨੇ ਦਸਿਆ,''ਬੱਚਿਆਂ ਨੂੰ ਸਿਖਾਇਆ ਗਿਆ ਹੈ ਕਿ ਜੰਨਤ ਜਾਣ ਲਈ ਜਿਹਾਦ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਅਤਿਵਾਦ ਵਿਚ ਭਰੋਸਾ ਨਾ ਰੱਖਣ ਵਾਲਿਆਂ ਨੂੰ ਮਾਰਨਾ ਹੋਵੇਗਾ। ਉਨ੍ਹਾਂ ਦੀ ਮਾਨਸਿਕਤਾ ਬਦਲਣੀ ਮੁਸ਼ਕਲ ਹੈ।'' ਸਮਾਜਕ ਕਾਰਕੁਨ ਅਤੇ ਮਨੋਵਿਗਿਆਨੀ ਕਾਊਂਸਲਿੰਗ ਰਾਹੀਂ ਉਨ੍ਹਾਂ ਨੂੰ ਮੁੜ ਮੁੱਖ ਧਾਰਾ ਵਿਚ ਸ਼ਾਮਲ ਕਰ ਰਹੇ ਹਨ। ਉਨ੍ਹਾਂ ਨੂੰ ਰੋਜ਼ਾਨਾ ਦੇ ਕੰਮਾਂ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ ਜਿਵੇਂ ਮਸਜਿਦ ਵਿਚ ਜਾਣਾ, ਖੇਡਣਾ ਆਦਿ।

ਪਿਛਲੇ ਸਾਲ ਸੁਰਾਬਾਇਆ ਵਿਚ ਆਤਮਘਾਤੀ ਹਮਲਿਆਂ ਨਾਲ ਜੁੜੇ ਅਪਤਵਾਦੀ ਸ਼ੱਕੀਆਂ ਦੇ ਬੱਚਿਆਂ ਦਾ ਵੀ ਇਥੇ ਇਲਾਜ ਚਲ ਰਿਹਾ ਹੈ। ਸਮਾਜਕ ਕਾਰਕੁਨ ਮੁਸਫ਼ੀਆ ਹਾਂਡਯਾਨੀ ਨੇ ਕਿਹਾ,''ਅਸੀਂ ਹਾਲੇ ਵੀ ਉਨ੍ਹਾਂ ਨੂੰ ਪੜ੍ਹਾਉਂਦੇ ਹਾਂ ਕਿ ਕੁਰਾਨ ਹਰੇਕ ਚੀਜ਼ ਦੀ ਨੀਂਹ ਹੈ ਅਤੇ ਉਨ੍ਹਾਂ ਨੂੰ ਇਸ ਵਿਚ ਭਰੋਸਾ ਕਰਨਾ ਹੋਵੇਗਾ। ਜੇਕਰ ਤੁਸੀਂ ਦੂਜੇ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰੋਗੇ ਤਾਂ ਇਹ ਠੀਕ ਨਹੀਂ।'' ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ (ਏ.ਐਨ.ਯੂ.) ਦੇ ਅਤਿਵਾਦੀ ਪਰਿਵਾਰਾਂ ਦੀ ਮਾਹਰ ਹੌਲਾ ਨੂਰ ਨੇ ਕਿਹਾ,''ਸਾਨੂੰ ਇਨ੍ਹਾਂ ਬੱਚਿਆਂ ਨੂੰ ਪੀੜਤਾਂ ਦੇ ਨਾਲ-ਨਾਲ ਸੰਭਾਵਤ ਹਮਲਾਵਰਾਂ ਦੇ ਤੌਰ 'ਤੇ ਦੇਖਣਾ ਚਾਹੀਦਾ ਹੈ।''