Gravesend Gurdwara : ਮੱਥਾ ਟੇਕਣ ਦੇ ਬਹਾਨੇ ਗੁਰਦੁਆਰਾ ਸਾਹਿਬ 'ਚ ਦਾਖ਼ਲ ਹੋਇਆ ਨੌਜਵਾਨ , ਕਿਰਪਾਨ ਚੁੱਕ ਕੇ ਸੰਗਤ 'ਤੇ ਕਰ ਦਿੱਤਾ ਹਮਲਾ
2 ਲੜਕੀਆਂ ਜ਼ਖਮੀ
Gravesend Gurdwara : ਬ੍ਰਿਟੇਨ ਦੇ ਗ੍ਰੇਵਸੈਂਡ ਸਥਿਤ ਗੁਰਦੁਆਰਾ ਸਾਹਿਬ 'ਚ ਹੇਟ ਕ੍ਰਾਈਮ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਇਕ ਨੌਜਵਾਨ ਗ੍ਰੇਵਸੈਂਡ ਗੁਰਦੁਆਰਾ ਸਾਹਿਬ 'ਚ ਦਾਖਲ ਹੋਇਆ ਅਤੇ ਉਥੇ ਸੇਵਾ ਕਰ ਰਹੀ ਅਤੇ ਮੱਥਾ ਟੇਕ ਰਹੀ ਸੰਗਤ 'ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਸੰਗਤ ਦੇ ਸਹਿਯੋਗ ਨਾਲ ਆਰੋਪੀ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ ਦੇ ਗ੍ਰੇਵਸੈਂਡ ਸਥਿਤ ਗੁਰਦੁਆਰਾ ਸਾਹਿਬ 'ਚ ਨਫਰਤ ਨਾਲ ਪ੍ਰੇਰਿਤ ਇਕ ਸ਼ੱਕੀ ਕੱਟੜਪੰਥੀ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ। ਉਸ ਸਮੇਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਰਹੀਆਂ ਸਨ। ਚਸ਼ਮਦੀਦਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਸਿੱਖ ਸ਼ਰਧਾਲੂ ਬਣ ਕੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਇਆ ਸੀ। ਮੱਥਾ ਟੇਕਦੇ ਹੋਏ ਉਸ ਨੇ ਕਿਰਪਾਨ ਚੁੱਕ ਲਈ। ਕਿਰਪਾਨ ਲੈ ਕੇ ਉਹ ਸੰਗਤ ਵੱਲ ਵਧਿਆ ਅਤੇ ਸਾਹਮਣੇ ਆਉਣ ਵਾਲੇ ਲੋਕਾਂ 'ਤੇ ਕਿਰਪਾਨ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਦੋ ਲੜਕੀਆਂ ਜ਼ਖ਼ਮੀ
ਇਸ ਪੂਰੀ ਘਟਨਾ 'ਚ ਦੋ ਲੜਕੀਆਂ ਜ਼ਖਮੀ ਹੋ ਗਈਆਂ ਹਨ, ਜਦਕਿ ਕੁਝ ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਕ ਲੜਕੀ ਦੇ ਹੱਥ 'ਤੇ ਚਾਕੂ ਲੱਗਿਆ ਹੈ, ਜਦਕਿ ਦੂਸਰੀ ਲੜਕੀ ਬਾਂਹ ਅਤੇ ਹੱਥ 'ਤੇ ਚਾਕੂ ਲੱਗਣ ਕਾਰਨ ਜ਼ਖਮੀ ਹੋ ਗਈ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜ਼ਖ਼ਮੀ ਲੜਕੀਆਂ ਦਾ ਕਹਿਣਾ ਹੈ ਕਿ ਜੇਕਰ ਸੰਗਤ ਆਰੋਪੀ ਨੂੰ ਕਾਬੂ ਨਾ ਕਰਦੀ ਤਾਂ ਉਹ ਉਨ੍ਹਾਂ ਦਾ ਕਤਲ ਕਰ ਦਿੰਦਾ। ਉਹ ਕਤਲ ਦੇ ਇਰਾਦੇ ਨਾਲ ਗੁਰਦੁਆਰਾ ਸਾਹਿਬ 'ਚ ਆਇਆ ਸੀ।
ਇਸ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ 'ਚ ਮੌਜੂਦ ਸ਼ਰਧਾਲੂਆਂ ਦੀ ਭੀੜ ਨੌਜਵਾਨ ਨੂੰ ਰੋਕਣ ਲਈ ਅੱਗੇ ਵਧ ਗਈ। ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੀ ਪੁਲਿਸ ਵੀ ਤੁਰੰਤ ਹਰਕਤ 'ਚ ਆ ਗਈ ਅਤੇ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਨੌਜਵਾਨ ਬ੍ਰਿਟਿਸ਼ ਨਾਗਰਿਕ ਹੈ ਅਤੇ ਉਸ ਦੀ ਉਮਰ ਸਿਰਫ 17 ਸਾਲ ਹੈ। ਇਹ ਮਾਮਲਾ ਸਿੱਧੇ ਤੌਰ 'ਤੇ ਹੇਟ ਕ੍ਰਾਈਮ ਨਾਲ ਜੁੜਿਆ ਹੋਇਆ ਹੈ।