ਲੰਡਨ ਵਿਚ ਖ਼ਾਲਿਸਤਾਨ ਪੱਖੀ ਰੈਲੀ ਅੱਜ

ਏਜੰਸੀ

ਖ਼ਬਰਾਂ, ਕੌਮਾਂਤਰੀ

ਲੰਡਨ ਦੇ ਟਰਾਫ਼ਲਗਰ ਸਕਵੇਅਰ 'ਤੇ ਭਲਕੇ ਹੋਣ ਵਾਲੀ ਖ਼ਾਲਿਸਤਾਨ ਪੱਖੀ ਰੈਲੀ ਦੇ ਮੁਕਾਬਲੇ ਵਿਚ ਭਾਰਤ ਦੇ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ ਉਲੀਕਿਆ ਗਿਆ ਹੈ

referndom 2020

ਲੰਡਨ, 11 ਅਗੱਸਤ : ਲੰਡਨ ਦੇ ਟਰਾਫ਼ਲਗਰ ਸਕਵੇਅਰ 'ਤੇ ਭਲਕੇ ਹੋਣ ਵਾਲੀ ਖ਼ਾਲਿਸਤਾਨ ਪੱਖੀ ਰੈਲੀ ਦੇ ਮੁਕਾਬਲੇ ਵਿਚ ਭਾਰਤ ਦੇ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ ਉਲੀਕਿਆ ਗਿਆ ਹੈ। ਸਮਾਗਮ ਦੇ ਪ੍ਰਬੰਧਕਾਂ ਨੇ ਕਿਹਾ, 'ਅਸੀਂ ਭਾਰਤ ਨਾਲ ਖੜੇ ਹਾਂ। ਸਿੱਖਜ਼ ਫ਼ਾਰ ਜਸਿਟਸ ਇਹ ਅਫ਼ਵਾਹ ਕਿਉਂ ਫੈਲਾ ਰਹੀ ਹੈ ਕਿ ਆਜ਼ਾਦੀ ਦਿਹਾੜੇ ਸਬੰਧੀ ਰੈਲੀ ਕੈਂਸਲ ਕਰ ਦਿਤੀ ਗਈ ਹੈ।' 

ਪ੍ਰਬੰਧਕ ਨਵਦੀਪ ਸਿੰਘ ਨੇ ਕਿਹਾ ਕਿ ਭਲਕੇ ਖ਼ਾਲਿਸਤਾਨ ਪੱਖੀ ਰੈਲੀ ਹੋ ਰਹੀ ਹੈ ਪਰ ਉਹ ਆਜ਼ਾਦੀ ਦਿਹਾੜੇ ਦੇ ਸਮਾਗਮ ਮਨਾਉਣਗੇ। ਉਮੀਦ ਹੈ ਕਿ ਦੋਹਾਂ ਸਮਾਗਮਾਂ ਵਿਚ ਹਜ਼ਾਰਾਂ ਲੋਕ ਸ਼ਾਮਲ ਹੋ ਸਕਦੇ ਹਨ। ਇੰਗਲੈਂਡ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇੰਗਲੈਂਡ ਵਿਚ ਲੋਕਾਂ ਕੋਲ ਕਿਤੇ ਵੀ ਇਕੱਠੇ ਹੋਣ ਅਤੇ ਅਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੈ ਬਸ਼ਰਤੇ ਉਹ ਇਹ ਸੱਭ ਕੁੱਝ ਕਾਨੂੰਨ ਦੇ ਦਾਇਰੇ ਹੇਠ ਰਹਿ ਕੇ ਕਰਨ।' ਉਧਰ, ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਖ਼ਾਲਿਸਤਾਨੀ ਰੈਲੀ ਵਾਲੇ ਘਟਨਾਕ੍ਰਮ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ।

ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, 'ਅਸੀਂ ਕਿਹਾ ਹੈ ਕਿ ਇਸ ਰੈਲੀ ਦਾ ਮਕਸਦ ਹਿੰਸਾ, ਵੱਖਵਾਦ ਅਤੇ ਨਫ਼ਰਤ ਦਾ ਪ੍ਰਚਾਰ ਕਰਨਾ ਹੈ। ਸਾਨੂੰ ਉਮੀਦ ਹੈ ਕਿ ਅਜਿਹੇ ਮਾਮਲਿਆਂ ਵਿਚ ਫ਼ੇਸਲਾ ਕਰਦੇ ਸਮੇਂ ਇੰਗਲੈਂਡ ਸਰਕਾਰ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਵਡੇਰੇ ਪਰਿਪੇਖ ਵਿਚ ਵੇਖੇਗੀ।'

ਜ਼ਿਕਰਯੋਗ ਹੈ ਕਿ ਸਿੱਖਜ਼ ਫ਼ਾਰ ਜਸਟਿਸ ਨਾਮੀ ਖ਼ਾਲਿਸਤਾਨ ਪੱਖੀ ਜਥੇਬੰਦੀ ਨੇ 12 ਅਗੱਸਤ ਨੂੰ ਉਕਤ ਥਾਂ 'ਤੇ 'ਲੰਡਨ ਡਿਕਲੇਅਰੇਸ਼ਨ ਫ਼ਾਰ ਏ ਰੈਫ਼ਰੈਂਡਮ 2020' ਰੈਲੀ ਕਰਨ ਦਾ ਐਲਾਨ ਕੀਤਾ ਸੀ। ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਡਾ. ਰਾਮੀ ਰੰਗਰ ਨੇ ਖ਼ਾਲਿਸਤਾਨ ਪੱਖੀ ਰੈਲੀ ਨੂੰ ਰੱਦ ਕਰਦਿਆਂ ਕਿਹਾ ਕਿ ਕੁੱਝ ਆਪੇ ਬਣੇ ਅਤੇ ਅਣਚੁਣੇ ਸਿੱਖ ਇਹ ਰੈਲੀ ਕਰ ਰਹੇ ਹਨ  |ਜਿਸ ਨੂੰ ਕਿਸੇ ਦੀ ਹਮਾਇਤ ਨਹੀਂ ਮਿਲੇਗੀ। ਉਨ੍ਹਾਂ ਕਿਹਾ, 'ਜੇ ਉਨ੍ਹਾਂ ਦੀਆਂ ਗੱਲਾਂ ਵਿਚ ਦਮ ਹੈ ਤਾਂ ਉਨ੍ਹਾਂ ਨੂੰ ਪੰਜਾਬ ਜਾ ਕੇ ਖ਼ਾਲਿਸਤਾਨ ਦੇ ਏਜੰਡੇ 'ਤੇ ਚੋਣ ਲੜਨੀ ਚਾਹੀਦੀ ਹੈ।

ਕਿਸੇ ਵਿਦੇਸ਼ੀ ਧਰਤੀ 'ਤੇ ਗ਼ੈਰ-ਜਮਹੂਰੀ ਢੰਗ ਨਾਲ ਵਿਹਾਰ ਕਰ ਕੇ ਅਪਣੇ ਗੁਰੂਆਂ ਨੂੰ ਸ਼ਰਮਿੰਦਾ ਕਰਨ ਦੀ ਕੋਈ ਤੁਕ ਨਹੀਂ ਬਣਦੀ।' ਇਸੇ ਦੌਰਾਨ ਸਿੱਖਜ਼ ਫ਼ਾਰ ਜਸਟਿਸ ਨੇ ਕਿਹਾ ਹੈ ਕਿ ਰੈਲੀ ਦਾ ਮਕਸਦ ਸਿੱਖ ਬਹੁਗਿਣਤੀ ਵਾਲੇ ਰਾਜ ਪੰਜਾਬ ਲਈ ਆਜ਼ਾਦੀ ਮੰਗਣ ਵਾਸਤੇ ਰਾਏਸ਼ੁਮਾਰੀ ਬਣਾਉਣਾ ਹੈ। ਇੰਗਲੈਂਡ ਦੀ ਖੱਬੇਪੱਖੀ ਗਰੀਨ ਪਾਰਟੀ ਤੋਂ ਇਲਾਵਾ, ਕਿਸੇ ਵੀ ਵੱਡੀ ਬਰਤਾਨਵੀ ਸਿਆਸੀ ਪਾਰਟੀ ਜਾਂ ਆਗੂ ਨੇ ਇਸ ਰੈਲੀ ਦਾ ਸਮਰਥਨ ਨਹੀਂ ਕੀਤਾ। ਪੁਲਿਸ ਨੇ ਕਿਹਾ ਹੈ ਕਿ ਉਸ ਨੂੰ ਰੈਲੀ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ।