ਲਿਬਨਾਨ ਦੇ ਪ੍ਰਧਾਨ ਮੰਤਰੀ ਨੇ ਪੂਰੀ ਕੈਬਨਿਟ ਦੇ ਨਾਲ ਦਿਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਧਮਾਕੇ ਦੇ ਵਿਰੋਧ 'ਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ 'ਚ ਹੋਈਆਂ ਝੜਪਾਂ

Lebanese PM

ਬੇਰੂਤ, 11 ਅਗੱਸਤ : ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਧਮਾਕੇ ਤੋਂ ਬਾਅਦ ਲੋਕਾਂ ਦੀ ਮੰਗ ਦੇ ਅੱਗੇ ਝੁਕਦੇ ਹੋਏ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਅਸਤੀਫ਼ਾ ਦੇ ਦਿਤਾ ਹੈ। ਕੈਬਨਿਟ ਦੀ ਮੀਟਿੰਗ ਦੇ ਬਾਅਦ ਸਿਹਤ ਮੰਤਰੀ ਹਮਦਾ ਹਸਨ ਨੇ ਸੋਮਵਾਰ ਨੂੰ ਇਸ ਬਾਰੇ ਪੱਤਰਕਾਰਾਂ ਨੂੰ ਦਸਿਆ।

ਧਮਾਕੇ ਤੋਂ ਨਰਾਜ਼ ਲੋਕ ਸਰਕਾਰੀ ਮਹਿਕਮੇ ਦੀ ਲਾਪਰਵਾਹੀ ਅਤੇ ਸਰਕਾਰ ਦੀ ਅਯੋਗਤਾ ਦੇ ਦੋਸ਼ ਲਾਉਂਦੇ ਹੋਏ ਸੜਕਾਂ 'ਤੇ ਉਤਰ ਆਏ ਸੀ ਅਤੇ ਪੂਰੀ ਸਰਕਾਰ ਕੋਲੋਂ ਅਸਤੀਫ਼ੇ ਦੀ ਮੰਗ ਕਰ ਰਹੇ ਸੀ। ਇਹੀ ਨਹੀਂ ਜਨਤਾ ਦੇ ਭਾਰੀ ਗੁੱਸੇ ਦੇ ਚਲਦਿਆਂ ਇਕ ਇਕ ਕਰ ਕੇ ਮੰਤਰੀਆਂ ਨੇ ਅਸਤੀਫ਼ਾ ਦੇਣਾ ਸ਼ੁਰੂ ਕਰ ਦਿਤਾ। ਦੇਸ਼ ਵਿਚ ਭਾਰੀ ਗੁੱਸੇ ਦੀ ਲਹਿਰ ਦੇ ਚਲਦਿਆਂ ਸਰਕਾਰ ਕਾਫੀ ਦਬਾਅ ਵਿਚ ਸੀ। ਧਮਾਕੇ ਦੇ ਵਿਰੋਧ 'ਚ ਪਿਛਲੇ ਦੋ ਦਿਨਾਂ ਤੋਂ ਬੇਰੂਤ 'ਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਝੜਪਾਂ ਹੋਈਆਂ ।

ਟੈਲੀਵਿਜ਼ਨ 'ਤੇ ਪ੍ਰਸਾਰਤ ਅਪਣੇ ਸੰਦੇਸ਼ ਵਿਚ ਦਿਆਬ ਨੇ ਕਿਹਾ ਕਿ ਉਹ ਆਮ ਲਿਬਨਾਨੀ ਲੋਕਾਂ ਦੀ ਇਸ ਮੰਗ ਦਾ ਸਮਰਥਨ ਕਰਦੇ ਹਨ ਕਿ ਇਸ ਅਪਰਾਧ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਇਆ ਜਾਵੇਗਾ। ਸੋਮਵਾਰ ਨੂੰ ਕੈਬਨਿਟ ਦੀ ਬੈਠਕ ਤੋਂ ਬਾਅਦ ਦਿਆਬ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਪਣੇ ਅਸਤੀਫ਼ੇ ਦਾ ਐਲਾਨ ਕੀਤਾ। ਲਿਬਨਾਨ ਦੇ ਰਾਸ਼ਟਰਪਤੀ ਮਾਈਕਲ ਆਉਨ ਨੇ ਪ੍ਰਧਾਨ ਮੰਤਰੀ ਸਣੇ ਪੂਰੀ ਸਰਕਾਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ। ਇਸੇ ਸਾਲ ਜਨਵਰੀ ਵਿਚ ਗਠਤ ਮੰਤਰੀ ਮੰਡਲ ਨੂੰ ਈਰਾਨ ਹਮਾਇਤੀ ਹਿਜ਼ਬੁੱਲਾ ਜੱਥੇਬੰਦੀ ਅਤੇ ਉਸ ਦੇ ਸਹਿਯੋਗੀਆਂ ਦਾ ਸਮਰਥਨ ਹਾਸਲ ਸੀ।

ਜ਼ਿਕਰਯੋਗ ਹੈ ਕਿ ਬੇਰੂਤ ਵਿਚ ਬੀਤੇ ਮੰਗਲਵਾਰ ਨੂੰ ਬੰਦਰਗਾਹ 'ਤੇ ਸਟੋਰ ਕਰ ਕੇ ਰੱਖੇ ਗਏ ਦੋ ਹਜ਼ਾਰ ਟਨ ਅਮੋਨਿਅਮ ਨਾਈਟ੍ਰੇਟ ਵਿਚ ਧਮਾਕਾ ਹੋ ਗਿਆ ਸੀ। ਇਸ ਧਮਾਕੇ ਵਿਚ ਹੁਣ ਤਕ 163 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਦ ਕਿ 6 ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਅਜੇ ਵੀ ਸੈਂਕੜੇ ਲੋਕ ਲਾਪਤ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ