ਦੁਨੀਆਂ ਭਰ ਵਿਚ ਕੋਰੋਨਾ ਦੇ ਮਾਮਲੇ ਦੋ ਕਰੋੜ ਹੋਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅੱਧੇ ਤੋਂ ਵੱਧ ਮਰੀਜ਼ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਿਚ

Covid 19

ਰੋਮ, 11 ਅਗੱਸਤ : ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਲਾਗ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ ਦੋ ਕਰੋੜ ਹੋ ਗਈ ਹੈ। ਲਾਗ ਦੇ ਕੁਲ ਮਾਮਲਿਆਂ ਵਿਚੋਂ ਅੱਧੇ ਤੋਂ ਵੱਧ ਸਿਰਫ਼ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਿਚ ਹਨ। ਦੁਨੀਆਂ ਭਰ ਵਿਚ ਕੇਸਾਂ ਨੂੰ ਦੁਗਣਾ ਹੋ ਕੇ ਦੋ ਕਰੋੜ ਹੋਣ ਵਿਚ ਮਹਿਜ਼ 45 ਦਿਨ ਲੱਗੇ ਹਨ। ਮ੍ਰਿਤਕਾਂ ਦੀ ਗਿਣਤੀ 499506 ਤੋਂ ਵੱਧ ਕੇ 736191 ਹੋਈ ਹੈ। ਰੋਜ਼ਾਨਾ ਔਸਤਨ 5200 ਤੋਂ ਵੱਧ ਲੋਕਾਂ ਦੀ ਜਾਨ ਜਾ ਰਹੀ ਹੈ।  ਚੀਨ ਵਿਚ ਪਿਛਲੇ ਸਾਲ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਮਗਰੋਂ ਛੇ ਮਹੀਨਿਆਂ ਵਿਚ ਮਾਮਲੇ ਵੱਧ ਕੇ ਇਕ ਕਰੋੜ ਹੋ ਗਏ ਸਨ ਅਤੇ ਹੁਣ ਸਿਰਫ਼ ਛੇ ਹਫ਼ਤਿਆਂ ਅੰਦਰ ਇਹ ਦੁਗਣੇ ਹੋ ਗਏ। ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ 22 ਜੁਲਾਈ ਨੂੰ ਦੁਨੀਆਂ ਭਰ ਵਿਚ ਲਾਗ ਦੇ ਮਾਮਲਿਆਂ ਦੀ ਗਿਣਤੀ ਡੇਢ ਕਰੋੜ ਹੋਣ ਮਗਰੋਂ ਆਏ ਕੁਲ ਮਾਮਲਿਆਂ ਦੇ ਲਗਭਗ ਦੋ ਤਿਹਾਈ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਿਚ ਹਨ।

ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੀਮਤ ਜਾਂਚ ਅਤੇ ਘੱਟੋ ਘੱਟ 40 ਫ਼ੀ ਸਦੀ ਲੋਕਾਂ ਅੰਦਰ ਕੋਵਿਡ-19 ਦਾ ਕੋਈ ਲੱਛਣ ਨਾ ਹੋਣ ਕਾਰਨ ਪੀੜਤਾਂ ਦੀ ਅਸਲ ਗਿਣਤੀ 'ਜਾਨਸ ਹਾਪਕਿਨਜ਼ ਯੂਨੀਵਰਸਿਟੀ' ਦੁਆਰਾ ਜਾਰੀ ਅੰਕੜਿਆਂ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਯੂਰਪ ਵਿਚ ਕਈ ਦੇਸ਼ਾਂ ਵਿਚ ਅਜਿਹਾ ਪ੍ਰਤੀਤ ਹੋਇਆ ਹੈ ਕਿ ਦੇਸ਼ਵਿਆਪੀ ਤਾਲਾਬੰਦੀ ਦੌਰਾਨ ਮਹਾਂਮਾਰੀ 'ਤੇ ਕੰਟਰੋਲ ਪਾ ਲਿਆ ਗਿਆ ਪਰ ਕਈ ਥਾਈਂ ਹਾਲਾਤ ਬਦਤਰ ਹੁੰਦੇ ਵਿਖਾਈ ਦੇ ਰਹੇ ਹਨ।  ਫ਼ਿਨਲੈਂਡ, ਫ਼ਰਾਂਸ ਅਤੇ ਜਰਮਨੀ ਨੇ ਐਲਾਨ ਕੀਤਾ ਹੈ ਕਿ ਖ਼ਤਰੇ ਵਾਲੇ ਦੇਸ਼ਾਂ ਤੋਂ ਯਾਤਰੀਆਂ ਦੇ ਆਉਣ 'ਤੇ ਉਹ ਜਾਂਚ ਕਰਨਗੇ। ਸਪੇਨ ਵਿਚ ਪਛਮੀ ਮੁਲਕਾਂ ਵਿਚ ਸੱਭ ਤੋਂ ਵੱਧ ਮਰੀਜ਼ ਤਿੰਨ ਲੱਖ 22 ਹਜ਼ਾਰ ਹਨ। ਇਥੇ ਸੋਮਵਾਰ ਨੂੰ 1486 ਨਵੇਂ ਮਾਮਲੇ ਸਾਹਮਣੇ ਆਏ।

ਦੇਸ਼ ਵਿਚ ਤਿੰਨ ਮਹੀਨੇ ਦੀ ਤਾਲਾਬੰਦੀ ਮਗਰੋਂ 21 ਜੂਨ ਨੂੰ ਇਸ ਨੂੰ ਖ਼ਤਮ ਕਰ ਦਿਤਾ ਗਿਆ ਸੀ। ਯੂਨਾਨ ਵਿਚ ਛੇਤੀ ਹੀ ਸਖ਼ਤ ਤਾਲਾਬੰਦੀ ਲਾਗੂ ਕਰ ਦਿਤੀ ਗਈ ਅਤੇ ਯੂਰਪੀ ਮਹਾਂਮਾਰੀ ਦੌਰਾਨ ਇਥੇ ਮਾਮਲੇ ਘੱਟ ਸਨ ਪਰ ਸਰਕਾਰ ਨੇ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਸੋਮਵਾਰ ਨੂੰ ਨਵੇਂ ਉਪਾਵਾਂ ਦਾ ਐਲਾਨ ਕੀਤਾ। ਇਸ ਨੇ ਕਈ ਖੇਤਰਾਂ ਵਿਚ ਰੇਸਤਰਾਂ, ਬਾਰ ਅਤੇ ਕੈਫ਼ੇ ਅੱਧੀ ਰਾਤ ਤੋਂ ਸਵੇਰੇ ਸੱਤ ਵਜੇ ਵਿਚਾਲੇ ਬੰਦ ਰੱਖਣ ਦੇ ਹੁਕਮ ਦਿਤੇ। ਯੂਰਪ ਦੇ ਬਾਹਰ ਲਾਗ ਦੀ ਦਰ ਕਾਫ਼ੀ ਜ਼ਿਆਦਾ ਹੈ। ਰੋਜ਼ਾਨਾ ਸਾਹਮਣੇ ਆ ਰਹੇ ਨਵੇਂ ਮਾਮਲਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਦਖਣੀ ਅਫ਼ਰੀਕਾ ਵਿਚ ਪੰਜ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।