ਰੂਸ ਨੇ ਬਣਾਇਆ ਪਹਿਲਾ 'ਕੋਰੋਨਾ' ਵਾਇਰਸ ਦਾ ਟੀਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਹਿਲੀ ਖ਼ੁਰਾਕ ਰਾਸ਼ਟਰਪਤੀ ਦੀ ਬੇਟੀ ਨੂੰ ਦਿਤੀ ਗਈ

Covid 19

ਮਾਸਕੋ, 11 ਅਗੱਸਤ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੇ ਮੁਲਕ ਨੇ ਕੋਰੋਨਾ ਵਾਇਰਸ ਵਿਰੁਧ ਪਹਿਲਾ ਟੀਕਾ ਤਿਆਰ ਕਰ ਲਿਆ ਹੈ ਜੋ ਕੋਵਿਡ-19 ਨਾਲ ਸਿੱਝਣ ਵਿਚ 'ਬਹੁਤ ਅਸਰਦਾਰ ਢੰਗ ਨਾਲ' ਕੰਮ ਕਰਦਾ ਹੈ ਅਤੇ ਰੋਗਾਂ ਨਾਲ ਲੜਨ ਦੀ ਸਥਾਈ ਤਾਕਤ ਪੈਦਾ ਕਰਦਾ ਹੈ। ਉਨ੍ਹਾਂ ਇਹ ਵੀ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਦੀਆਂ ਬੇਟੀਆਂ ਵਿਚੋਂ ਇਕ ਨੂੰ ਇਹ ਟੀਕਾ ਪਹਿਲਾਂ ਹੀ ਲਾਇਆ ਜਾ ਚੁੱਕਾ ਹੈ।

'ਸਪੂਤਨਿਕ ਨਿਊਜ਼' ਮੁਤਾਬਕ ਪੁਤਿਨ ਨੇ ਇਹ ਦਾਅਵਾ ਸਰਕਾਰੀ ਬੈਠਕ ਵਿਚ ਕੀਤਾ ਅਤੇ ਕਿਹਾ ਕਿ ਇਹ ਸੰਸਾਰ ਲਈ ਅਤਿਅੰਤ ਅਹਿਮ ਕਦਮ ਹੈ। ਪੁਤਿਨ ਨੇ ਕਿਹਾ ਕਿ ਉਸ ਦੀ ਬੇਟੀ ਟੀਕੇ ਦੀ ਪਰਖ ਵਿਚ ਸ਼ਾਮਲ ਹੋਈ ਅਤੇ ਉਸ ਨੂੰ ਟੀਕਾ ਲਾਇਆ ਗਿਆ। ਉਨ੍ਹਾਂ ਕਿਹਾ, 'ਪਹਿਲੇ ਟੀਕੇ ਮਗਰੋਂ ਉਨ੍ਹਾਂ ਦੀ ਬੇਟੀ ਦੇ ਸਰੀਰ ਦਾ ਤਾਪਮਾਨ 38 ਡਿਗਰੀ ਸੈਲਸੀਅਸ ਸੀ। ਅਗਲੇ ਦਿਨ ਇਹ 37 ਡਿਗਰੀ ਸੈਲਸੀਅਸ ਤੋਂ ਥੋੜਾ ਜ਼ਿਆਦਾ ਸੀ।

ਦੂਜੇ ਟੀਕੇ ਮਗਰੋਂ ਉਸ ਦਾ ਤਾਪਮਾਨ ਕੁੱਝ ਵਧਿਆ ਅਤੇ ਫਿਰ ਸੱਭ ਠੀਕ ਹੋ ਗਿਆ। ਉਹ ਚੰਗਾ ਮਹਿਸੂਸ ਕਰ ਰਹੀ ਹੈ ਅਤੇ ਐਂਟੀਬਾਡੀ ਪੱਧਰ ਜ਼ਿਆਦਾ ਹੈ।'
ਪੁਤਿਨ ਨੇ ਕਿਹਾ ਕਿ ਇਹ ਟੀਕਾ ਅਸਰਦਾਰ ਢੰਗ ਨਾਲ ਕੰਮ ਕਰਦਾ ਹੈ ਅਤੇ ਸਥਾਈ ਰੋਗ ਪ੍ਰਤੀਰੋਧਕ ਸਮਰੱਥਾ ਪੈਦਾ ਕਰਦਾ ਹੈ। ਰਾਸ਼ਟਰਪਤੀ ਨੇ ਕੋਰੋਨਾ ਵਾਇਰਸ ਵਿਰੁਧ ਪਹਿਲੇ ਟੀਕੇ 'ਤੇ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਧਨਵਾਦ ਕੀਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਰੂਸ ਨੇੜ ਭਵਿੱਖ ਵਿਚ ਵੱਡੇ ਪੱਧਰ 'ਤੇ ਇਸ ਦਾ ਉਤਪਾਦਨ ਸ਼ੁਰੂ ਕਰਨ ਦੇ ਸਮਰੱਥ ਹੋਵੇਗਾ। ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁਧ ਪਹਿਲੇ ਟੀਕੇ ਦਾ ਉਤਪਾਦਨ ਦੋ ਥਾਵਾਂ-ਗਮਾਲਿਆ ਰਿਸਰਚ ਇੰਸਟੀਚਿਊਟ ਅਤੇ ਬਿਨੋਫ਼ਾਰਮ ਕੰਪਨੀ ਵਿਚ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਕਈ ਦੇਸ਼ ਪਹਿਲਾਂ ਹੀ ਇਸ ਟੀਕੇ ਪ੍ਰਤੀ ਅਪਣੀ ਰੁਚੀ ਵਿਖਾ ਚੁਕੇ ਹਨ।

ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫ਼ੰਡ ਉਤਪਾਦਨ ਅਤੇ ਵਿਦੇਸ਼ ਵਿਚ ਟੀਕੇ ਦੇ ਪ੍ਰਚਾਰ ਵਿਚ ਨਿਵੇਸ਼ ਕਰ ਰਹੀ ਹੈ। ਇਹ ਟੀਕਾ ਗਮਾਲਿਆ ਰਿਸਰਚ ਇੰਸਟੀਚਿਊਟ ਅਤੇ ਰੂਸ ਦੇ ਰਖਿਆ ਮੰਤਰਾਲੇ ਨੇ ਸਾਂਝੇ ਤੌਰ 'ਤੇ ਤਿਆਰ ਕੀਤਾ ਹੈ। ਇਸ ਦੀ ਪਰਖ 18 ਜੂਨ ਨੂੰ ਸ਼ੁਰੂ ਹੋਈ ਸੀ ਜਿਸ ਵਿਚ 38 ਵਲੰਟੀਅਰ ਸ਼ਾਮਲ ਸਨ। ਇਨ੍ਹਾਂ ਸਾਰੇ ਵਲੰਟੀਅਰਾਂ ਅੰਦਰ ਕੋਵਿਡ ਨਾਲ ਲੜਨ ਦੀ ਤਾਕਤ ਪੈਦਾ ਹੋ ਗਈ। ਪਹਿਲੇ ਗਰੁਪ ਨੂੰ 15 ਜੁਲਾਈ ਅਤੇ ਦੂਜੇ ਗਰੁਪ ਨੂੰ 20 ਜੁਲਾਈ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ।