ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ ’ਚ ਭਾਰਤ ਦੀ ਜਿੱਤ ਦੀ ਯਾਦਗਾਰ ਦੇ ਟੁਕੜੇ-ਟੁਕੜੇ ਕੀਤੇ

ਏਜੰਸੀ

ਖ਼ਬਰਾਂ, ਕੌਮਾਂਤਰੀ

16 ਦਸੰਬਰ 1971 ਨੂੰ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਦਸਤਾਵੇਜ਼ਾਂ ’ਤੇ ਦਸਤਖਤ ਕੀਤੇ ਸਨ

Destroyed memorial.

ਢਾਕਾ: ਬੰਗਲਾਦੇਸ਼ ਵਿਚ ਪ੍ਰਦਰਸ਼ਨਕਾਰੀਆਂ ਨੇ 1971 ਦੀ ਜੰਗ ਨਾਲ ਜੁੜੇ ਇਕ ਰਾਸ਼ਟਰੀ ਸਮਾਰਕ ਨੂੰ ਨੁਕਸਾਨ ਪਹੁੰਚਾਇਆ। ਮੁਜੀਬਨਗਰ ’ਚ ਸਥਿਤ ਇਹ ਸਮਾਰਕ ਭਾਰਤ-ਮੁਕਤੀ ਬਾਹਿਨੀ ਫੌਜ ਦੀ ਜਿੱਤ ਅਤੇ ਪਾਕਿਸਤਾਨੀ ਫੌਜ ਦੀ ਹਾਰ ਦਾ ਪ੍ਰਤੀਕ ਹੈ। 

16 ਦਸੰਬਰ 1971 ਨੂੰ ਪਾਕਿਸਤਾਨ ਦੇ ਲੈਫਟੀਨੈਂਟ ਜਨਰਲ ਏਏਕੇ ਨਿਆਜ਼ੀ ਨੇ ਹਜ਼ਾਰਾਂ ਸੈਨਿਕਾਂ ਸਮੇਤ ਭਾਰਤੀ ਫੌਜ ਅੱਗੇ ਆਤਮ ਸਮਰਪਣ ਕਰ ਦਿਤਾ ਸੀ। ਉਨ੍ਹਾਂ ਨੇ ਭਾਰਤੀ ਫੌਜ ਦੇ ਅਫਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਦਸਤਾਵੇਜ਼ਾਂ ’ਤੇ ਦਸਤਖਤ ਕੀਤੇ। ਇਹ ਸਮਾਰਕ ਉਸੇ ਦੀ ਤਸਵੀਰ ਨੂੰ ਦਰਸਾਉਂਦਾ ਸੀ। 

ਬੰਗਲਾਦੇਸ਼ ਨੂੰ ਸਾਰੇ ਧਰਮਾਂ ਦੇ ਲੋਕਾਂ ਦੇ ਹਿੱਤ ’ਚ ਕਾਨੂੰਨ ਵਿਵਸਥਾ ਬਹਾਲ ਕਰਨੀ ਚਾਹੀਦੀ ਹੈ : ਸ਼ਸ਼ੀ ਥਰੂਰ 

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਸੋਮਵਾਰ ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਾਰੇ ਧਰਮਾਂ ਦੇ ਬੰਗਲਾਦੇਸ਼ੀ ਨਾਗਰਿਕਾਂ ਦੇ ਹਿੱਤ ’ਚ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਤੁਰਤ ਕਦਮ ਚੁੱਕੇ। 

ਉਨ੍ਹਾਂ ਨੇ ਮੰਦਰ ’ਤੇ ਹੋਏ ਹਮਲਿਆਂ ਨੂੰ ਭਾਰਤੀਆਂ ਦਾ ਸਭਿਆਚਾਰਕ ਕੇਂਦਰ ਅਤੇ ਹਿੰਦੂ ਭਾਈਚਾਰੇ ਨਾਲ ਸਬੰਧਤ ਘਰਾਂ ਨੂੰ ਸ਼ਰਮਨਾਕ ਦਸਿਆ । ਸਾਬਕਾ ਵਿਦੇਸ਼ ਰਾਜ ਮੰਤਰੀ ਥਰੂਰ ਨੇ ਬੰਗਲਾਦੇਸ਼ ’ਚ 1971 ਦੇ ਸ਼ਹੀਦੀ ਸਮਾਰਕ ਕੰਪਲੈਕਸ ਦੀਆਂ ਤਸਵੀਰਾਂ ‘ਐਕਸ’ ’ਤੇ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਮੁਜੀਬਨਗਰ ’ਚ ਭਾਰਤ ਵਿਰੋਧੀ ਸ਼ਰਾਰਤੀ ਅਨਸਰਾਂ ਵਲੋਂ ਢਾਹੇ ਗਏ ਕੰਪਲੈਕਸ ’ਚ ਮੂਰਤੀਆਂ ਦੀਆਂ ਅਜਿਹੀਆਂ ਤਸਵੀਰਾਂ ਵੇਖਣਾ ਦੁਖਦਾਈ ਹੈ। 

ਉਨ੍ਹਾਂ ਕਿਹਾ, ‘‘ਇਹ ਕਈ ਥਾਵਾਂ ’ਤੇ ਭਾਰਤੀ ਸਭਿਆਚਾਰਕ ਕੇਂਦਰਾਂ, ਮੰਦਰਾਂ ਅਤੇ ਹਿੰਦੂ ਘਰਾਂ ’ਤੇ ਸ਼ਰਮਨਾਕ ਹਮਲਿਆਂ ਤੋਂ ਬਾਅਦ ਆਇਆ ਹੈ। ਬਹੁਤ ਸਾਰੇ ਮੁਸਲਿਮ ਨਾਗਰਿਕਾਂ ਵਲੋਂ ਹੋਰ ਘੱਟ ਗਿਣਤੀਆਂ ਦੇ ਘਰਾਂ ਅਤੇ ਪੂਜਾ ਸਥਾਨਾਂ ਦੀ ਰੱਖਿਆ ਕਰਨ ਦੀਆਂ ਰੀਪੋਰਟਾਂ ਵੀ ਆਈਆਂ ਹਨ ’’ ਉਨ੍ਹਾਂ ਕਿਹਾ ਕਿ ਕੁੱਝ ਅੰਦੋਲਨਕਾਰੀਆਂ ਦਾ ਏਜੰਡਾ ਬਹੁਤ ਸਪੱਸ਼ਟ ਹੈ। ਇਹ ਜ਼ਰੂਰੀ ਹੈ ਕਿ ਮੁਹੰਮਦ ਯੂਨਸ ਅਤੇ ਉਨ੍ਹਾਂ ਦੀ ਅੰਤਰਿਮ ਸਰਕਾਰ ਸਾਰੇ ਬੰਗਲਾਦੇਸ਼ੀ ਅਤੇ ਹਰ ਧਰਮ ਦੇ ਹਿੱਤ ’ਚ ਕਾਨੂੰਨ ਅਤੇ ਵਿਵਸਥਾ ਬਹਾਲ ਕਰਨ ਲਈ ਤੁਰਤ ਕਦਮ ਚੁੱਕੇ।

ਥਰੂਰ ਨੇ ਕਿਹਾ ਕਿ ਭਾਰਤ ਇਸ ਮੁਸ਼ਕਲ ਸਮੇਂ ਵਿਚ ਬੰਗਲਾਦੇਸ਼ ਦੇ ਲੋਕਾਂ ਦੇ ਨਾਲ ਖੜਾ ਹੈ ਪਰ ਅਜਿਹੀਆਂ ਗੈਰ ਕਾਨੂੰਨੀ ਵਧੀਕੀਆਂ ਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਯੂਨਸ ਨੇ ਸਨਿਚਰਵਾਰ ਨੂੰ ਘੱਟ ਗਿਣਤੀ ਭਾਈਚਾਰਿਆਂ ’ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ। ਉਨ੍ਹਾਂ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਹਿੰਦੂ, ਈਸਾਈ ਅਤੇ ਬੋਧੀ ਪਰਵਾਰਾਂ ਨੂੰ ਨੁਕਸਾਨ ਤੋਂ ਬਚਾਉਣ।