ਭਾਰਤੀ ਵਿਦਿਆਰਥੀ ਦਾ ਕਤਲ ਕਰਨ ਵਾਲੇ ਕੋਰਿਆਈ ਲੜਕੇ ਨੇ ਕਿਹਾ- "ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ"
ਇੰਡੀਆਪੋਲਿਸ ਵਾਸੀ ਵਰੁਣ ਮਨੀਸ਼ ਛੇਡਾ ਦੀ ਲਾਸ਼ ਬੀਤੇ ਬੁੱਧਵਾਰ ਨੂੰ ਯੂਨੀਵਰਸਿਟੀ ਕੈਂਪਸ ਦੇ ਮੈੱਕਟਸ਼ੇਨ ਹਾਲ ਤੋਂ ਬਰਾਮਦ ਹੋਈ ਸੀ।
ਵਾਸ਼ਿੰਗਟਨ - ਵੱਕਾਰੀ ਪਰਡਿਊ ਯੂਨੀਵਰਸਿਟੀ ਦੇ ਹੋਸਟਲ ਵਿੱਚ ਕਤਲ ਦਾ ਸ਼ਿਕਾਰ ਹੋਏ ਭਾਰਤੀ ਵਿਦਿਆਰਥੀ ਦੇ ਸਾਬਕਾ ਰੂਮਮੇਟ ਅਤੇ ਕਤਲ ਦੇ ਦੋਸ਼ੀ ਕੋਰੀਆਈ ਵਿਦਿਆਰਥੀ ਦਾ ਕਹਿਣਾ ਹੈ ਕਿ ਉਹ ਆਪਣੇ ਕੀਤੇ 'ਤੇ‘ਬਹੁਤ ਦੁੱਖ’ ਹੈ ਪਰ ਉਸ ਨੂੰ ‘ਬਲੈਕਮੇਲ’ ਕੀਤਾ ਜਾ ਰਿਹਾ ਸੀ। ਇੰਡੀਆਪੋਲਿਸ ਵਾਸੀ ਵਰੁਣ ਮਨੀਸ਼ ਛੇਡਾ ਦੀ ਲਾਸ਼ ਬੀਤੇ ਬੁੱਧਵਾਰ ਨੂੰ ਯੂਨੀਵਰਸਿਟੀ ਕੈਂਪਸ ਦੇ ਮੈੱਕਟਸ਼ੇਨ ਹਾਲ ਤੋਂ ਬਰਾਮਦ ਹੋਈ ਸੀ।
ਇਸ ਕਤਲ ਦੇ ਸਿਲਸਿਲੇ 'ਚ ਕੋਰੀਆਈ ਵਿਦਿਆਰਥੀ ਜੀ ਮਿਨ 'ਜਿੰਮੀ' ਸ਼ਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਸ਼ੁੱਕਰਵਾਰ ਨੂੰ ਟਿੱਪੇਕੈਨੋਏ ਕਾਉਂਟੀ ਮੈਜਿਸਟ੍ਰੇਟ ਸਾਰਾਹ ਵਿਆਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੰਡੀਆਨਾ ਟੀਵੀ ਸਟੇਸ਼ਨ ਡਬਲਯੂ.ਐਲ.ਐਫ਼.ਆਈ. ਨੇ ਕਿਹਾ ਕਿ ਜਦੋਂ ਅਪਰਾਧ ਦੇ ਕਾਰਨ ਬਾਰੇ ਪੁੱਛਿਆ ਗਿਆ ਤਾਂ ਸ਼ੱਕੀ ਨੇ ਕਿਹਾ, "ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ।"
ਜਦੋਂ ਮੁਲਜ਼ਮ ਨੂੰ ਪੁੱਛਿਆ ਗਿਆ ਕਿ ਉਹ ਪੀੜਤ ਪਰਿਵਾਰ ਨੂੰ ਕੁਝ ਕਹਿਣਾ ਚਾਹੁੰਦਾ ਹੈ, ਤਾਂ ਉਸ ਨੇ ਕਿਹਾ, "ਮੈਨੂੰ ਬਹੁਤ ਦੁੱਖ ਹੈ, ਮੈਨੂੰ ਮਾਫ਼ ਕਰ ਦਿਓ।" ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਜਿੰਮੀ ਨੂੰ ਜੇਲ੍ਹ ਵਿੱਚ ਇਹ ਕਹਿੰਦੇ ਹੋਏ ਸੁਣਿਆ ਗਿਆ ਸੀ, "ਮੈਂ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਹਾਂ।" ਮੁਲਜ਼ਮ ਨੇ ਭਾਰਤੀ ਮੂਲ ਦੇ ਵਿਦਿਆਰਥੀ ’ਤੇ ਚਾਕੂ ਨਾਲ ਹਮਲਾ ਕੀਤਾ ਸੀ ਅਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ।