ਅਮਰੀਕੀ ਵਿਗਿਆਨੀਆਂ ਦਾ ਦਾਅਵਾ, ਬਾਲਗ਼ ਤੋਂ ਵੱਧ ਮਜ਼ਬੂਤ ਹੁੰਦੀ ਹੈ ਬੱਚਿਆਂ ਦੀ ਪ੍ਰਤੀ-ਰਖਿਆ ਪ੍ਰਣਾਲੀ
ਇੰਫ਼ਲੂਏਂਜਾ ਤੇ ਰੇਸਪੀਰੇਟਰੀ ਸਿੰਕਾਇਟੀਅਲ ਵਾਇਰਸ ਕਾਰਨ ਬਾਲਗ਼ਾਂ ਦੇ ਮੁਕਾਬਲੇ ਬੱਚਿਆਂ ’ਚ ਸਾਹ ਸਬੰਧੀ ਕਈ ਬੀਮਾਰੀਆਂ ਹੁੰਦੀਆਂ ਹਨ
ਵਾਸ਼ਿੰਗਟਨ : ਕੋਮਲ ਚਮੜੀ ਵਾਲੇ ਬੱਚਿਆਂ ਦੀ ਪ੍ਰਤੀ-ਰਖਿਆ ਪ੍ਰਣਾਲੀ ਬਾਲਗ਼ਾਂ ਤੋਂ ਵੱਧ ਮਜ਼ਬੂਤ ਹੁੰਦੀ ਹੈ। ਬੀਮਾਰੀਆਂ ਨਾਲ ਮੁਕਾਬਲੇ ’ਚ ਬੱਚਿਆਂ ਦੀ ਪ੍ਰਤੀ ਰਖਿਆ ਪ੍ਰਣਾਲੀ ਬਾਲਗਾਂ ਨੂੰ ਮਾਤ ਦਿੰਦੀ ਹੈ। ਖੋਜਕਰਤਾਵਾਂ ਦੇ ਇਸ ਹਾਲੀਆ ਅਧਿਐਨ ਦਾ ਨਤੀਜਾ ਸਾਇੰਸ ਇਮਿਊਨੋਲਾਜੀ ਜਰਨਲ ’ਚ ਛਪਿਆ ਹੈ। ਮਾਈਕ੍ਰੋਬਾਇਉਲਾਜੀ ਤੇ ਇਮਿਊਨੋਲਾਜੀ ਦੇ ਪ੍ਰੋਫ਼ੈਸਰ ਡੋਨਾ ਫ਼ਾਰਬਰ ਤੇ ਕੋਲੰਬੀਆ ਯੂਨੀਵਰਸਿਟੀ ਵੈਗੇਲੋਸ ਕਾਲਜ ਆਫ਼ ਫ਼ਿਜੀਸ਼ੀਅਨ ਐਂਡ ਸਰਜਨ (ਅਮਰੀਕਾ) ’ਚ ਸਰਜੀਕਲ ਸਾਇੰਸ ਦੇ ਪ੍ਰੋਫ਼ੈਸਰ ਜਾਰਜ ਐਚ. ਹੰਫ਼੍ਰੇਸ (ਦੂਜੇ) ਕਹਿੰਦੇ ਹਨ, ‘ਬੱਚਿਆਂ ਦੀ ਪ੍ਰਤੀ-ਰਖਿਆ ਪ੍ਰਣਾਲੀ ਦੀ ਜਦੋਂ ਬਾਲਗਾਂ ਨਾਲ ਤੁਲਨਾ ਕੀਤੀ ਜਾਂਦੀ ਹੈ ਤਾਂ ਉਸ ਨੂੰ ਕਮਜ਼ੋਰ ਤੇ ਗ਼ੈਰ-ਵਿਕਸਿਤ ਮੰਨਿਆ ਜਾਂਦਾ ਹੈ ਪਰ ਇਹ ਸੱਚ ਨਹੀਂ ਹੈ।’
ਇੰਫ਼ਲੂਏਂਜਾ ਤੇ ਰੇਸਪੀਰੇਟਰੀ ਸਿੰਕਾਇਟੀਅਲ ਵਾਇਰਸ ਕਾਰਨ ਬਾਲਗ਼ਾਂ ਦੇ ਮੁਕਾਬਲੇ ਬੱਚਿਆਂ ’ਚ ਸਾਹ ਸਬੰਧੀ ਕਈ ਬੀਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਮੁੱਖ ਕਾਰਨ ਹੈ ਇਕ ਉਹ ਪਹਿਲੀ ਵਾਰ ਇਨ੍ਹਾਂ ਵਾਇਰਸ ਦੀ ਲਪੇਟ ’ਚ ਆਉਂਦੇ ਹਨ। ਨਵੇਂ ਅਧਿਐਨ ’ਚ ਫ਼ਾਰਬਰ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਬਿਮਾਰੀਆਂ ਪੈਦਾ ਕਰਨ ਵਾਲੇ ਇਕ ਨਵੇਂ ਵਾਇਰਸ ਵਿਰੁਧ ਪ੍ਰਤੀ-ਰਖਿਆ ਪ੍ਰਣਾਲੀ ਦੀ ਪ੍ਰਤੀਕਿਰਿਆ ਤੇ ਉਸ ਨੂੰ ਖ਼ਤਮ ਕਰਨ ਦੀ ਸਮਰਥਾ ਦਾ ਮੁਲਾਂਕਣ ਕੀਤਾ।
ਇਸ ਦੌਰਾਨ ਖੋਜਕਰਤਾਵਾਂ ਨੇ ਅਜਿਹੀ ਟੀ ਸੈੱਲਾਂ (ਪ੍ਰਤੀ-ਰੱਖਿਆ ਸੈੱਲ) ਦਾ ਸੰਗ੍ਰਹਿ ਕੀਤਾ ਜਿਨ੍ਹਾਂ ਦਾ ਬੀਮਾਰੀ ਪੈਦਾ ਕਰਨ ਵਾਲੇ ਵਾਇਰਸ ਨਾਲ ਕਦੇ ਮੁਕਾਬਲੇ ਨਹੀਂ ਹੋਇਆ ਸੀ। ਇਨ੍ਹਾਂ ਟੀ ਸੈੱਲਾਂ ਨੂੰ ਵਾਇਰਸ ਨਾਲ ਇਨਫ਼ੈਕਟਿਡ ਚੂਹੇ ’ਚ ਭੇਜਿਆ ਗਿਆ। ਇਸ ਦੌਰਾਨ ਵਾਇਰਸ ਨੂੰ ਜੜ੍ਹੋਂ ਖ਼ਤਮ ਕਰਨ ’ਚ ਬੱਚਿਆਂ ਦੇ ਟੀ ਸੈੱਲ ਬਾਲਗ਼ਾਂ ਦੇ ਮੁਕਾਬਲੇ ਕਾਫ਼ੀ ਅਸਰਦਾਰ ਸਾਬਤ ਹੋਏ। ਬੱਚਿਆਂ ਦੇ ਟੀ ਸੈੱਲ ਨਾ ਸਿਰਫ਼ ਤੇਜ਼ੀ ਨਾਲ ਇਨਫ਼ੈਕਟਿਡ ਖੇਤਰਾਂ ’ਚ ਪਹੁੰਚੇ, ਬਲਕਿ ਬਹੁਤ ਜਲਦੀ ਮਜ਼ਬੂਤ ਪ੍ਰਤੀ-ਰਖਿਆ ਦਾ ਨਿਰਮਾਣ ਵੀ ਕੀਤਾ।