ਟਵਿੱਟਰ ਤੋਂ ਬਾਅਦ ਹੁਣ YouTube ਨੇ ਵੀ ਹਟਾਈਆਂ ਟਰੰਪ ਦੇ ਚੈਨਲ 'ਤੇ ਅਪਲੋਡ ਕੀਤੀਆਂ ਵੀਡੀਓਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹੁਣ ਯੂ-ਟਿਊਬ ਨੇ ਡੋਨਲਡ ਟਰੰਪ ਦੁਆਰਾ ਅਪਲੋਡ ਕੀਤੀ ਗਈ ਨਵੀਂ ਵੀਡੀਓ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ।

TRUMP

ਨਵੀਂ ਦਿੱਲੀ- ਟਵਿੱਟਰ ਤੋਂ ਬਾਅਦ ਹੁਣ ਅੱਜ ਯੂ-ਟਿਊਬ  ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੈਨਲ 'ਤੇ ਅਪਲੋਡ ਕੀਤੀਆਂ ਗਈਆਂ ਨਵੀਆਂ ਵੀਡੀਓਜ਼ ਨੂੰ ਹਟਾ ਦਿੱਤਾ ਹੈ। ਨਾਲ ਹੀ ਯੂ-ਟਿਊਬ ਨੇ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਕਾਰਵਾਈ ਵੀ ਕੀਤੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ, ਫੇਸਬੁੱਕ, ਸਨੈਪਚੈਟ ਅਤੇ ਟਵਿੱਟਰ ਨੇ ਟਰੰਪ ਦੇ ਵਿਡੀਓਜ਼, ਪੋਸਟਾਂ ਅਤੇ ਅਕਾਉਂਟਸ ਨੂੰ ਹਟਾ ਦਿੱਤਾ ਸੀ ਅਤੇ ਹੁਣ ਯੂ-ਟਿਊਬ ਨੇ ਡੋਨਲਡ ਟਰੰਪ ਦੁਆਰਾ ਅਪਲੋਡ ਕੀਤੀ ਗਈ ਨਵੀਂ ਵੀਡੀਓ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ।

ਇਸ ਦੇ ਨਾਲ ਹੀ ਡੋਨਾਲਡ ਟਰੰਪ ਦੇ ਚੈਨਲ ਨੂੰ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਯੂ-ਟਿਊਬ ਨੇ ਇਕ ਬਿਆਨ ਵਿਚ ਕਿਹਾ," ਟਰੰਪ ਨੇ ਇਕ ਵੀਡੀਓ ਅਪਲੋਡ ਕੀਤਾ ਸੀ ਜੋ ਸਾਡੀਆਂ ਨੀਤੀਆਂ ਦੀ ਉਲੰਘਣਾ ਹੈ ਜਿਸ ਦੇ ਬਾਅਦ ਉਸ ਦੇ ਚੈਨਲ 'ਤੇ ਆਟੋਮੈਟਿਕ ਸਟ੍ਰਾਈਕ ਆ ਗਈ ਹੈ।

ਪਹਿਲੀ ਸਟ੍ਰਾਈਕ ਘੱਟੋ ਘੱਟ ਸੱਤ ਦਿਨਾਂ ਲਈ ਹੈ, ਅਜਿਹੀ ਸਥਿਤੀ ਵਿੱਚ, ਟਰੰਪ ਅਗਲੇ ਸੱਤ ਦਿਨਾਂ ਤੱਕ ਆਪਣੇ ਚੈਨਲ ਉੱਤੇ ਕੋਈ ਵੀ ਵੀਡੀਓ ਅਪਲੋਡ ਨਹੀਂ ਕਰ ਸਕਣਗੇ। ਸਟ੍ਰਾਈਕ ਤੋਂ ਇਲਾਵਾ, ਉਨ੍ਹਾਂ ਦੇ ਚੈਨਲ ਦਾ ਕੰਮੈਂਟ ਸੈਕਸ਼ਨ ਵੀ ਬੰਦ ਕਰ ਦਿੱਤਾ ਗਿਆ ਹੈ।