ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਡਰਾਈਵਰ 'ਤੇ ਲੱਗਾ 4 ਵਿਅਕਤੀਆਂ ਦੀ ਹੱਤਿਆ ਦਾ ਦੋਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਜਾਣਕਾਰੀ ਮੁਤਾਬਕ ਰੰਧਾਵਾ ਨੂੰ 8 ਜੂਨ ਨੂੰ ਮੈਲਬੌਰਨ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 

Indian-origin driver accused of killing 4 people in Australia

 

ਮੈਲਬੌਰਨ - ਆਸਟ੍ਰੇਲੀਆ ਦੇ ਮੱਧ ਵਿਕਟੋਰੀਆ ਸੂਬੇ ਵਿਚ ਇੱਕ 41 ਸਾਲਾ ਭਾਰਤੀ ਮੂਲ ਦੇ ਵਿਅਕਤੀ 'ਤੇ ਖਤਰਨਾਕ ਡਰਾਈਵਿੰਗ ਦੇ ਦੋਸ਼ ਲੱਗੇ ਹਨ, ਜਿਸ ਕਾਰਨ ਪੰਜਾਬ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਮਾਮਲੇ ਬਾਰੇ ਇਕ ਪੰਜਾਬੀ ਨਿੱਜੀ ਚੈਨਲ ਨੇ ਦੱਸਿਆ ਕਿ ਹਰਿੰਦਰ ਸਿੰਘ ਰੰਧਾਵਾ ਪੁਲਿਸ ਹਿਰਾਸਤ ਵਿਚ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਜਦੋਂ ਉਹ ਚਾਰ ਯਾਤਰੀਆਂ ਨਾਲ ਇੱਕ ਪਿਊਜੋਟ ਚਲਾ ਰਿਹਾ ਸੀ, ਉਦੋਂ ਸ਼ੈਪਰਟਨ ਨੇੜੇ ਪਾਈਨ ਲਾਜ ਦੇ ਇੱਕ ਚੌਰਾਹੇ 'ਤੇ ਉਸ ਦੀ ਟੱਕਰ ਇਕ ਟੋਇਟਾ ਹਿਲਕਸ ਯੂਟੀਈ ਨਾਲ ਹੋ ਗਈ। ਜਾਣਕਾਰੀ ਮੁਤਾਬਕ ਰੰਧਾਵਾ ਨੂੰ 8 ਜੂਨ ਨੂੰ ਮੈਲਬੌਰਨ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 

ਪੁਲਿਸ ਨੇ ਕਿਹਾ ਕਿ ਚਾਰ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਅੱਗੇ ਦੱਸਿਆ ਕਿ ਉਹ ਇਹ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਨੇ ਸੀਟ ਬੈਲਟ ਪਹਿਨੀ ਹੋਈ ਸੀ ਜਾਂ ਨਹੀਂ। ਮ੍ਰਿਤਕਾਂ ਦੀ ਪਛਾਣ ਮੁਕਤਸਰ ਨਿਵਾਸੀ ਹਰਪਾਲ ਸਿੰਘ, ਜਲੰਧਰ ਵਾਸੀ ਭੁਪਿੰਦਰ ਸਿੰਘ, ਤਰਨਤਾਰਨ ਨਿਵਾਸੀ ਬਲਜਿੰਦਰ ਸਿੰਘ ਅਤੇ ਕਿਸ਼ਨ ਸਿੰਘ ਵਜੋਂ ਹੋਈ ਹੈ। ਮੈਲਬੌਰਨ ਸਥਿਤ ਸਮਾਜ ਸੇਵੀ ਫੁਲਵਿੰਦਰਜੀਤ ਸਿੰਘ ਗਰੇਵਾਲ ਨੇ ਚੈਨਲ ਨੂੰ ਦੱਸਿਆ ਕਿ "ਚਾਰੇ ਮ੍ਰਿਤਕ ਪੰਜਾਬ ਸੂਬੇ ਨਾਲ ਸਬੰਧਤ ਸਨ ਅਤੇ ਆਸਟ੍ਰੇਲੀਆ ਵਿਚ ਵਿਜ਼ਟਰ ਵੀਜ਼ੇ 'ਤੇ ਸਨ। 

ਵਿਕਟੋਰੀਆ ਪੁਲਿਸ ਦੇ ਕਾਰਜਕਾਰੀ ਸਹਾਇਕ ਕਮਿਸ਼ਨਰ ਜਸਟਿਨ ਗੋਲਡਸਮਿਥ ਨੇ ਮੀਡੀਆ ਨੂੰ ਦੱਸਿਆ ਕਿ ਸ਼ੁਰੂਆਤੀ ਸੰਕੇਤ "ਟੀ-ਬੋਨ ਕਿਸਮ ਦੀ ਟੱਕਰ" ਵੱਲ ਇਸ਼ਾਰਾ ਕਰਦੇ ਹਨ, ਯਾਨੀ ਜਦੋਂ ਇੱਕ ਵਾਹਨ ਦਾ ਅਗਲਾ ਹਿੱਸਾ ਦੂਜੇ ਦੇ ਸਾਈਡ ਨਾਲ ਟਕਰਾ ਜਾਂਦਾ ਹੈ, ਇੱਕ 'ਟੀ' ਆਕਾਰ ਬਣ ਜਾਂਦਾ ਹੈ। ਟੋਇਟਾ ਹਿਲਕਸ ਦਾ 29 ਸਾਲਾ ਡਰਾਈਵਰ ਗੰਭੀਰ ਰੂਪ ਵਿਚ ਜ਼ਖਮੀ ਨਹੀਂ ਹੋਇਆ ਅਤੇ ਪੁਲਿਸ ਦੀ ਸਹਾਇਤਾ ਲਈ ਰੁਕ ਗਿਆ। ਐਂਬੂਲੈਂਸ ਵਿਕਟੋਰੀਆ ਦੇ ਅਨੁਸਾਰ ਬਾਅਦ ਵਿੱਚ ਉਸਨੂੰ ਮਾਮੂਲੀ ਸੱਟਾਂ ਨਾਲ ਸਥਿਰ ਹਾਲਤ ਵਿੱਚ ਗੌਲਬਰਨ ਵੈਲੀ ਹੈਲਥ ਹਸਪਤਾਲ ਲਿਜਾਇਆ ਗਿਆ।