ਆਸਟ੍ਰੇਲੀਆ ਦੇ ਸਵਾਮੀ ਨਾਰਾਇਣ ਮੰਦਰ 'ਚ ਸ਼ਰਾਰਤੀ ਅਨਸਰਾਂ ਨੇ ਕੀਤੀ ਭੰਨਤੋੜ

ਏਜੰਸੀ

ਖ਼ਬਰਾਂ, ਕੌਮਾਂਤਰੀ

ਮੰਦਰ ਦੀਆਂ ਕੰਧਾਂ 'ਤੇ ਲਿਖੇ ਇਤਰਾਜ਼ਯੋਗ ਨਾਅਰੇ 

Representational Image

ਮੇਲਬਰਨ : ਆਸਟ੍ਰੇਲੀਆ ਦੇ ਇੱਕ ਹਿੰਦੂ ਮੰਦਿਰ ਨਾਲ ਸਬੰਧਿਤ ਖਬਰ ਪ੍ਰਾਪਤ ਹੋਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਮੇਲਬਰਨ ਵਿਖੇ ਬੀਏਪੀਐਸ ਸਵਾਮੀਨਾਰਾਇਣ ਮੰਦਰ ਦੀ ਭੰਨਤੋੜ ਕੀਤੀ ਗਈ ਹੈ। ਇੰਨਾ ਹੀ ਨਹੀਂ ਸਗੋਂ ਸ਼ਰਾਰਤੀ ਅਨਸਰਾਂ ਨੇ ਮੰਦਰ ਦੀਆਂ ਕੰਧਾਂ ‘ਤੇ ਇਤਰਾਜ਼ਯੋਗ ਪੇਂਟਿੰਗ ਅਤੇ ਨਾਅਰੇ ਵੀ ਲਿਖੇ ਹਨ। 

ਆਸਟ੍ਰੇਲੀਆ ਟੂਡੇ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਮੰਦਰ ਦੀਆਂ ਕੰਧਾਂ ‘ਤੇ ਤਬਾਹੀ ਅਤੇ ਨਫ਼ਰਤ ਦੇ ਹੈਰਾਨ ਕਰਨ ਵਾਲੇ ਨਾਅਰੇ ਲਿਖੇ ਗਏ ਹਨ। ਇਸ ਘਟਨਾ ਤੋਂ ਬਾਅਦ ਬੀਏਪੀਐਸ ਸਵਾਮੀਨਾਰਾਇਣ ਸੰਸਥਾ ਨੇ ਕਿਹਾ ਕਿ ਅਸੀਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਭੰਨਤੋੜ ਅਤੇ ਨਫ਼ਰਤ ਦੀਆਂ ਇਨ੍ਹਾਂ ਹਰਕਤਾਂ ਤੋਂ ਦੁਖੀ ਹਾਂ। ਅਸੀਂ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕਰਦੇ ਹਾਂ ਅਤੇ ਜਲਦੀ ਹੀ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਵਾਂਗੇ। 

ਇਸ ਘਟਨਾ ਤੋਂ ਬਾਅਦ ਆਸਟ੍ਰੇਲੀਆ ਦੇ ਹਿੰਦੂ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਦੇ ਵਿਕਟੋਰੀਆ ਸੂਬਾ ਪ੍ਰਧਾਨ ਮਕਰੰਦ ਭਾਗਵਤ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਕਿਹਾ ਕਿ ਧਰਮ ਅਸਥਾਨਾਂ ਵਿਰੁੱਧ ਕਿਸੇ ਵੀ ਕਿਸਮ ਦੀ ਨਫ਼ਰਤ ਅਤੇ ਭੰਨ-ਤੋੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਅਸੀਂ ਇਸ ਕਾਰਵਾਈ ਦੀ ਨਿੰਦਾ ਕਰਦੇ ਹਾਂ।  ਇਹ ਨਸਲੀ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਉਲੰਘਣਾ ਹੈ। ਉਨ੍ਹਾਂ ਸਰਕਾਰ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਸ਼ਾਮਲ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਮੁੱਦਾ ਵਿਕਟੋਰੀਆ ਮਲਟੀਕਲਚਰਲ ਕਮਿਸ਼ਨ ਅਤੇ ਵਿਕਟੋਰੀਆ ਦੇ ਮਲਟੀਕਲਚਰਲ ਮੰਤਰੀ ਕੋਲ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਟੋਰੀਆ ਭਰ ਦੇ ਹਿੰਦੂ ਭਾਈਚਾਰੇ ਦੇ ਆਗੂ BAPS ਸਵਾਮੀਨਾਰਾਇਣ ਮੰਦਰ ਭਾਈਚਾਰੇ ਦੇ ਨਾਲ ਖੜ੍ਹੇ ਹਨ ਅਤੇ ਮੰਦਰ 'ਤੇ ਹਮਲੇ ਦੀ ਨਿੰਦਾ ਕਰ ਰਹੇ ਹਨ।