ਪਾਕਿਸਤਾਨ ISI ਅਧਿਕਾਰੀ ਨੂੰ ਲਗਾਇਆ ਗਿਆ ਕਰਤਾਰਪੁਰ ਸਾਹਿਬ ਪ੍ਰਾਜੈਕਟ ਦਾ CEO
ਇਸ ਤੋਂ ਪਹਿਲਾਂ ਆਈਐਸਆਈ ਮੁਖੀ ਜਾਵੇਦ ਨਾਸਿਰ ਈਟੀਪੀਬੀ ਦੇ ਚੇਅਰਮੈਨ ਸਨ
ਨਵੀਂ ਦਿੱਲੀ: ਪਾਕਿਸਤਾਨ ਸਰਕਾਰ ਨੇ ਇਕ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਅਧਿਕਾਰੀ ਨੂੰ ਪਾਕਿਸਤਾਨ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਵਿਚ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੀ ਨਿਗਰਾਨੀ ਕਰਨ ਵਾਲੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀਐਮਯੂ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਜੋਂ ਨਿਯੁਕਤ ਕੀਤਾ ਹੈ।
ਖੁਫੀਆ ਸੂਤਰਾਂ ਅਨੁਸਾਰ ਮੁਹੰਮਦ ਅਬੂ ਬਕਰ ਆਫਤਾਬ ਕੁਰੈਸ਼ੀ, ਡਿਪਟੀ ਡਾਇਰੈਕਟਰ ਜਨਰਲ, ਡਾਇਰੈਕਟੋਰੇਟ ਜਨਰਲ ਇੰਟਰ-ਸਰਵਿਸਿਜ਼ ਇੰਟੈਲੀਜੈਂਸ ਨੂੰ ਤਿੰਨ ਸਾਲਾਂ ਲਈ ਪੀਐਮਯੂ, ਕਰਤਾਰਪੁਰ ਸਾਹਿਬ ਦੇ ਸੀਈਓ ਦੇ ਅਹੁਦੇ ਦਾ ਚਾਰਜ ਸੌਂਪਿਆ ਗਿਆ ਸੀ।
ਇਹ ਨੋਟੀਫਿਕੇਸ਼ਨ 11 ਜਨਵਰੀ ਨੂੰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਡਿਪਟੀ ਸਕੱਤਰ (ਪ੍ਰਸ਼ਾਸਨ) ਮੁਨੀਰ ਅਹਿਮਦ ਦੁਆਰਾ ਜਾਰੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਆਈਐਸਆਈ ਮੁਖੀ ਜਾਵੇਦ ਨਾਸਿਰ ਈਟੀਪੀਬੀ ਦੇ ਚੇਅਰਮੈਨ ਸਨ। ਦੱਸ ਦੇਈਏ ਕਿ ਕਰਤਾਰਪੁਰ ਕੋਰੀਡੋਰ ਇਕ ਵੀਜ਼ਾ-ਮੁਕਤ ਲਾਂਘਾ ਹੈ ਜੋ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ।