ਟੋਰਾਂਟੋ ਪੀਅਰਸਨ ਏਅਰਪੋਰਟ ਤੋਂ ਸੋਨਾ ਚੋਰੀ ਮਾਮਲੇ ਵਿਚ ਨਵੇਂ ਦੋਸ਼ ਆਇਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

43 ਸਾਲ ਦਾ ਅਰਸਲਾਨ ਚੌਧਰੀ ਨੂੰ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਤੋਂ ਕੀਤਾ ਗ੍ਰਿਫ਼ਤਾਰ

New charges in Toronto Pearson Airport gold theft case

ਟੋਰਾਂਟੋ : ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ 2023 ਵਿੱਚ ਹੋਈ ਸੋਨੇ ਦੀ ਵੱਡੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਦੋਸ਼ ਆਇਦ ਕੀਤੇ ਹਨ। ਪੁਲਿਸ ਮੁਤਾਬਕ ਇਸ ਵਿਅਕਤੀ ਸੋਮਵਾਰ ਨੂੰ ਕੈਨੇਡਾ ਆਉਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ।

ਪੀਲ ਰੀਜਨਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 43 ਸਾਲ ਦੇ ਅਰਸਲਾਨ ਚੌਧਰੀ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ ਗਿਆ ਜਦੋਂ ਉਹ ਦੁਬਈ ਤੋਂ ਉਡਾਣ ਰਾਹੀਂ ਪੀਅਰਸਨ ਏਅਰਪੋਰਟ ’ਤੇ ਪਹੁੰਚਿਆ ਸੀ। ਉਸ ’ਤੇ ਪੰਜ ਹਜ਼ਾਰ ਡਾਲਰ ਤੋਂ ਵੱਧ ਦੀ ਚੋਰੀ, ਅਪਰਾਧ ਰਾਹੀਂ ਹਾਸਲ ਕੀਤੀ ਸੰਪਤੀ ਰੱਖਣ ਅਤੇ ਗੰਭੀਰ ਅਪਰਾਧ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਅਨੁਸਾਰ ਚੌਧਰੀ ਨੂੰ ਜ਼ਮਾਨਤ ਸੁਣਵਾਈ ਲਈ ਹਿਰਾਸਤ ਵਿੱਚ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ 17 ਅਪ੍ਰੈਲ 2023 ਨੂੰ ਸਵਿਟਜ਼ਰਲੈਂਡ ਦੇ ਜ਼ਿਊਰਿਕ ਤੋਂ ਆਈ ਇੱਕ ਉਡਾਣ ਰਾਹੀਂ ਕਾਰਗੋ ਭੇਜਿਆ ਗਿਆ ਸੀ, ਜਿਸ ਵਿੱਚ ਲਗਭਗ  400 ਕਿਲੋਗ੍ਰਾਮ ਸੋਨਾ ਸ਼ਾਮਲ ਸੀ। ਉਸ ਸਮੇਂ ਇਸ ਸੋਨੇ ਦੀ ਕੀਮਤ 20 ਮਿਲੀਅਨ ਡਾਲਰ ਤੋਂ ਵੱਧ ਗਿਣੀ ਗਈ ਸੀ। ਇਸ ਦੇ ਨਾਲ ਲਗਭਗ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਵੀ ਸੀ। ਇਹ ਸਮਾਨ ਅਗਲੇ ਦਿਨ ਗਾਇਬ ਹੋਣ ਦੀ ਰਿਪੋਰਟ ਕੀਤੀ ਗਈ ਸੀ।

ਪੁਲਿਸ ਨੇ ਇਸ ਮਾਮਲੇ ਨੂੰ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਕਰਾਰ ਦਿੱਤਾ ਹੈ। ਇਸ ਕੇਸ ਵਿੱਚ ਪਹਿਲਾਂ ਹੀ ਸੱਤ ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਮੁਤਾਬਕ ਬ੍ਰੈਂਪਟਨ, ਓਨਟੇਰਿਓ ਦੇ ਇੱਕ 27 ਸਾਲਾ ਵਿਅਕਤੀ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ, ਜਿਸ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਦੋਸ਼ ਕਬੂਲ ਕੀਤੇ ਹਨ। ਉਸ ਨੂੰ ਇਸ ਸਾਲ ਦੇ ਅੰਤ ਵਿੱਚ ਸਜ਼ਾ ਸੁਣਾਈ ਜਾਣ ਦੀ ਉਮੀਦ ਹੈ।
ਇਸ ਤੋਂ ਇਲਾਵਾ, ਬ੍ਰੈਂਪਟਨ ਦੇ ਹੀ ਦੋ ਹੋਰ ਸ਼ੱਕੀ, ਜਿਨ੍ਹਾਂ ਵਿੱਚੋਂ ਇੱਕ ਸਾਬਕਾ ਏਅਰ ਕੈਨੇਡਾ ਮੁਲਾਜ਼ਮ ਵੀ ਹੈ, ਹਾਲੇ ਤੱਕ ਫਰਾਰ ਹਨ। ਪੁਲਿਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੀ ਵਾਰੰਟ ਜਾਰੀ ਕਰ ਦਿੱਤੇ ਹਨ।