ਲੰਡਨ ’ਚ ਨਾਬਾਲਗ ਧੀ ਦੀ ਸਿੱਖਾਂ ਨੇ ਬਚਾਈ ਇੱਜ਼ਤ
ਪਾਕਿਸਤਾਨੀ ਗਰੂਮਿੰਗ ਗੈਂਗ ਵੱਲੋਂ ਅਗਵਾ ਕੀਤੀ ਨਾਬਾਲਗ ਲੜਕੀ ਨੂੰ ਕਰਵਾਇਆ ਰਿਹਾਅ
ਲੰਡਨ : ਇੰਗਲੈਂਡ ਦੇ ਵੈਸਟ ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਵੱਲੋਂ ਇੱਕ ਸਿੱਖ ਲੜਕੀ ਨੂੰ ਪਿਆਰ ਦੇ ਜਾਲ ਵਿੱਚ ਫਸਾ ਕੇ ਯੌਨ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪ ਹੈ ਕਿ ਇਹ ਲੜਕੀ 14 ਸਾਲ ਦੀ ਹੈ, ਜਿਸ ਨੂੰ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਪਹਿਲਾਂ ਅਗਵਾ ਕੀਤਾ ਅਤੇ ਫਿਰ ਫਲੈਟ ਵਿੱਚ ਬੰਦ ਕਰਕੇ 5-6 ਲੋਕਾਂ ਨਾਲ ਉਸ ਦਾ ਬਲਾਤਕਾਰ ਕਰਵਾਇਆ। ਜਦੋਂ ਲੜਕੀ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਤਾਂ ਉਸ ਨੂੰ ਡਰਾ ਕੇ ਚੁੱਪ ਕਰਵਾ ਦਿੱਤਾ ਗਿਆ। ਜਿਵੇਂ ਹੀ ਇਸ ਘਟਨਾ ਸਬੰਧੀ ਵੈਸਟ ਲੰਡਨ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਲੱਗਿਆ ਤਾਂ ਉਹ ਆਰੋਪੀ ਦੇ ਫਲੈਟ ਦੇ ਬਾਹਰ ਪਹੁੰਚ ਗਏ ਅਤੇ ਜ਼ੋਰਦਾਰ ਹੰਗਾਮਾ ਕੀਤਾ। ਜਿਵੇਂ-ਜਿਵੇ ਇਸ ਮਾਮਲੇ ਦੀ ਖਬਰ ਹੋਰ ਸਿੱਖਾਂ ਨੂੰ ਲੱਗਦੀ ਗਈ ਤਾਂ ਉਹ ਆਰੋਪੀ ਦੇ ਫਲੈਟ ਅੱਗੇ ਇਕੱਠੇ ਹੁੰਦੇ ਗਏ। ਕੁਝ ਹੀ ਦੇਰ ਵਿੱਚ ਉੱਥੇ 200 ਤੋਂ ਵੱਧ ਸਿੱਖ ਪਹੁੰਚ ਗਏ ਅਤੇ ਕਈ ਘੰਟੇ ਹੰਗਾਮਾ ਕੀਤਾ।
ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਲੜਕੀ ਨੂੰ ਰਿਹਾਅ ਕਰਵਾ ਲਿਆ। ਸਿੱਖਾਂ ਦਾ ਆਰੋਪ ਹੈ ਕਿ ਵੈਸਟ ਲੰਡਨ ਵਿੱਚ ਇਸ ਤਰ੍ਹਾਂ ਛੋਟੀਆਂ ਬੱਚੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਯੌਨ ਸ਼ੋਸ਼ਣ ਕੀਤਾ ਜਾਂਦਾ ਅਤੇ ਇਹ ਘਟਨਾਵਾਂ ਆਮ ਹੋ ਗਈਆਂ ਹਨ। ਘਿਰਾਓ ਕਰਨ ਵਾਲੇ ਸਿੱਖਾਂ ਨੇ ਦੱਸਿਆ ਕਿ ਲੜਕੀ ਨੇ ਪੁੱਛਗਿੱਛ ਵਿੱਚ ਉਨ੍ਹਾਂ ਨੂੰ ਦੱਸਿਆ ਕਿ ਪਾਕਿਸਤਾਨੀ ਵਿਅਕਤੀ ਨੇ ਉਸ ਨੂੰ ਅਗਵਾ ਕੀਤਾ ਅਤੇ ਆਪਣੇ ਫਲੈਟ ਤੇ ਲੈ ਗਿਆ। ਦੋਸ਼ੀ ਖੁਦ ਵੀ ਅਤੇ 5-6 ਹੋਰ ਲੋਕਾਂ ਨਾਲ ਉਸ ਦਾ ਸਰੀਰਕ ਸ਼ੋਸ਼ਣ ਕਰਵਾਉਂਦਾ ਸੀ। ਜਦੋਂ ਉਸ ਨੇ ਆਪਣੇ ਆਪ ਨੂੰ ਦੋਸ਼ੀਆਂ ਦੇ ਚੰਗਲ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ।
ਪ੍ਰਦਰਸ਼ਨ ਵਿੱਚ ਸ਼ਾਮਲ ਸਿੱਖਾਂ ਨੇ ਕਿਹਾ ਕਿ ਯੂਕੇ ਵਿੱਚ ਪਾਕਿਸਤਾਨੀ ਗਰੂਮਰ ਗੈਂਗ ਸਰਗਰਮ ਹਨ ਜੋ ਲੜਕੀਆਂ ਨੂੰ ਅਗਵਾ ਕਰਕੇ ਲੈ ਜਾਂਦੇ ਹਨ ਅਤੇ ਫਿਰ ਪੂਰਾ ਗੈਂਗ ਮਿਲ ਕੇ ਉਨ੍ਹਾਂ ਨਾਲ ਬਲਾਤਕਾਰ ਕਰਦਾ ਹੈ। ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਲੰਡਨ ਪੁਲਿਸ ਉਨ੍ਹਾਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ।