ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਰੱਦ
ਪ੍ਰਦਰਸ਼ਨਕਰੀਆਂ ਨੂੰ ਕਿਹਾ, ‘ਮਦਦ ਜਲਦ ਆ ਰਹੀ ਹੈ’
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਇਰਾਨ ਵਲੋਂ ਅਪਣੇ ਦੇਸ਼ ’ਚ ਪ੍ਰਦਰਸ਼ਨਕਾਰੀਆਂ ਉਤੇ ਸਖ਼ਤੀ ਵਧਾਉਣ ਤੋਂ ਬਾਅਦ ਉਨ੍ਹਾਂ ਨੇ ਇਰਾਨੀ ਅਧਿਕਾਰੀਆਂ ਨਾਲ ਮੀਟਿੰਗ ਰੱਦ ਕਰ ਦਿਤੀ ਹੈ। ਉਨ੍ਹਾਂ ਨਾਲ ਇਰਾਨੀ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ‘ਮਦਦ ਜਲਦ ਆ ਰਹੀ ਹੈ’। ਹਾਲਾਂਕਿ ਉਨ੍ਹਾਂ ਨੇ ਮਦਦ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ, ਪਰ ਉਨ੍ਹਾਂ ਦਾ ਬਿਆਨ ਇਸ ਹਫਤੇ ਦੇ ਸ਼ੁਰੂ ਵਿਚ ਰਾਸ਼ਟਰਪਤੀ ਵਲੋਂ ਇਰਾਨ ਇਸਲਾਮਿਕ ਗਣਰਾਜ ’ਤੇ ਹਮਲਾ ਕਰਨ ਦੀ ਧਮਕੀ ਤੋਂ ਬਾਅਦ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕਰਨ ਤੋਂ ਬਾਅਦ ਆਇਆ ਹੈ। ਇਰਾਨ ’ਚ ਖਸਤਾਹਾਲ ਅਰਥਚਾਰੇ ਵਿਰੁਧ ਚਲ ਰਹੇ ਪ੍ਰਦਰਸ਼ਨਾਂ ਵਿਰੁਧ ਸਰਕਾਰੀ ਕਾਰਵਾਈ ਮਗਰੋਂ ਹੁਣ ਤਕ 2,000 ਤੋਂ ਵੱਧ ਲੋਕ ਮਾਰੇ ਗਏ ਹਨ।
ਸੋਸ਼ਲ ਮੀਡੀਆ ਉਤੇ ਅਪਣੇ ਤਾਜ਼ਾ ਸੰਦੇਸ਼ ਵਿਚ ਟਰੰਪ ਨੇ ਕਿਹਾ, ‘‘ਇਰਾਨੀ ਦੇਸ਼ਭਗਤੋ, ਪ੍ਰਦਰਸ਼ਨ ਜਾਰੀ ਰੱਖੋ - ਅਪਣੀਆਂ ਸੰਸਥਾਵਾਂ ’ਤੇ ਕਬਜ਼ਾ ਕਰੋ। ਕਾਤਲਾਂ ਅਤੇ ਸੋਸ਼ਣ ਕਰਨ ਵਾਲਿਆਂ ਦੇ ਨਾਂ ਲਿਖ ਲਉ। ਉਨ੍ਹਾਂ ਨੂੰ ਵੱਡੀ ਕੀਮਤ ਅਦਾ ਕਰਨੀ ਪਵੇਗੀ। ਜਦੋਂ ਤਕ ਕਤਲ ਬੰਦ ਨਹੀਂ ਹੁੰਦੇ ਮੈਂ ਇਰਾਨੀ ਅਧਿਕਾਰੀਆਂ ਨਾਲ ਸਾਰੀਆਂ ਬੈਠਕਾਂ ਰੱਦ ਕਰ ਦਿਤੀਆਂ ਹਨ। ਮਦਦ ਜਲਦ ਆ ਰਹੀ ਹੈ।’’ ਟਰੰਪ ਨੇ ਲਗਾਤਾਰ ਇਰਾਨ ਨੂੰ ਧਮਕੀਆਂ ਦਿਤੀਆਂ ਹਨ ਕਿ ਜੇਕਰ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਇਹ ਲਗਿਆ ਕਿ ਇਸਲਾਮਿਕ ਗਣਰਾਜ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਉਤੇ ਕਾਤਲਾਨਾ ਕਾਰਵਾਈ ਕਰ ਰਿਹਾ ਹੈ ਤਾਂ ਫ਼ੌਜੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ਕੀ ਉਨ੍ਹਾਂ ਨੇ ਇਸ ਬਾਰੇ ਫ਼ੈਸਲਾ ਕਰ ਲਿਆ ਹੈ।