ਮਾਮਲਾ ਲੜਕੀ ਦੀ ਮੌਤ ਦਾ : ਅਮਰੀਕਾ 'ਚ ਭਾਰਤੀ ਪਰਵਾਰ ਨੂੰ ਮਿਲੇਗਾ 262 ਕਰੋੜ ਰੁਪਏ ਮੁਆਵਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਲਿਸ ਕਾਰ ਦੀ ਲਪੇਟ ਵਿਚ ਆਉਣ ਕਾਰਨ 23 ਸਾਲਾ ਭਾਰਤੀ ਵਿਦਿਆਰਥਣ ਜਾਨ੍ਹਵੀ ਕੰਡੂਲਾ ਦੀ ਹੋਈ ਸੀ ਮੌਤ

Janhvi Kandula's family in America will get Rs 262 crore compensation

ਵਾਸ਼ਿੰਗਟਨ: ਅਮਰੀਕਾ ਦੇ ਸੀਏਟਲ ਵਿਚ ਇਕ ਪੁਲਿਸ ਕਾਰ ਦੀ ਲਪੇਟ ਵਿਚ ਆਉਣ ਕਾਰਨ ਮਾਰੀ ਗਈ 23 ਸਾਲਾ ਭਾਰਤੀ ਵਿਦਿਆਰਥਣ ਜਾਨ੍ਹਵੀ ਕੰਡੂਲਾ ਦੇ ਪਰਵਾਰ ਨੂੰ ਇਨਸਾਫ਼ ਦੀ ਦਿਸ਼ਾ ਵਿਚ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਜਾਨ੍ਹਵੀ ਦੇ ਪਰਵਾਰ ਨੂੰ ਲਗਭਗ 262 ਕਰੋੜ ਰੁਪਏ (31.5 ਮਿਲੀਅਨ ਡਾਲਰ) ਦਾ ਮੁਆਵਜ਼ਾ ਦਿਤਾ ਜਾਵੇਗਾ, ਜਿਸ ਨਾਲ ਇਹ ਲੰਬੇ ਸਮੇਂ ਤੋਂ ਚੱਲ ਰਿਹਾ ‘ਬਲੱਡ ਮਨੀ’ ਕੇਸ ਸਮਾਪਤ ਹੋ ਗਿਆ ਹੈ।

ਜਾਨ੍ਹਵੀ ਕੰਡੂਲਾ, ਜੋ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਸੀ ਅਤੇ ਅਮਰੀਕਾ ਵਿਚ ਮਾਸਟਰਜ਼ ਦੀ ਪੜ੍ਹਾਈ ਕਰ ਰਹੀ ਸੀ, ਦੀ ਜਨਵਰੀ 2023 ਵਿਚ ਪੁਲਿਸ ਦੀ ਗੱਡੀ ਨਾਲ ਵਾਪਰੇ ਹਾਦਸੇ ਕਾਰਨ ਮੌਤ ਹੋ ਗਈ ਸੀ। ਜਾਨ੍ਹਵੀ ਨੂੰ ਸੀਏਟਲ ਪੁਲਿਸ ਦੇ ਇਕ ਅਧਿਕਾਰੀ ਕੇਵਿਨ ਡੇਵ ਦੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰੀ ਸੀ। ਉਹ ਅਧਿਕਾਰੀ ਇਕ ਐਮਰਜੈਂਸੀ ਕਾਲ ਦਾ ਜਵਾਬ ਦੇਣ ਲਈ ਬਹੁਤ ਤੇਜ਼ ਰਫ਼ਤਾਰ ’ਤੇ ਗੱਡੀ ਚਲਾ ਰਿਹਾ ਸੀ।

ਇਸ ਹਾਦਸੇ ਤੋਂ ਬਾਅਦ ਇਕ ਹੋਰ ਪੁਲਿਸ ਅਧਿਕਾਰੀ ਦੀ ਵੀਡੀਉ ਸਾਹਮਣੇ ਆਈ ਸੀ, ਜਿਸ ਵਿਚ ਉਹ ਜਾਨ੍ਹਵੀ ਦੀ ਮੌਤ ’ਤੇ ਹੱਸਦਾ ਹੋਇਆ ਅਤੇ ਇਹ ਕਹਿੰਦਾ ਸੁਣਿਆ ਗਿਆ ਸੀ ਕਿ ਉਹ ਇਕ ਆਮ ਵਿਅਕਤੀ ਸੀ, ਬੱਸ 11,000 ਡਾਲਰ ਦਾ ਚੈੱਕ ਲਿਖੋ ਅਤੇ ਮਾਮਲਾ ਖ਼ਤਮ ਕਰੋ।’ ਪੁਲਿਸ ਅਧਿਕਾਰੀ ਦੀ ਇਸ ਟਿੱਪਣੀ ਨੇ ਪੂਰੀ ਦੁਨੀਆਂ ਵਿਚ ਭਾਰਤੀ ਭਾਈਚਾਰੇ ਅੰਦਰ ਭਾਰੀ ਰੋਸ ਪੈਦਾ ਕਰ ਦਿੱਤਾ ਸੀ।

ਭਾਰਤ ਸਰਕਾਰ ਅਤੇ ਅਮਰੀਕਾ ਵਿਚ ਭਾਰਤੀ ਦੂਤਾਵਾਸ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਸੀ ਅਤੇ ਲਗਾਤਾਰ ਅਮਰੀਕੀ ਅਧਿਕਾਰੀਆਂ ’ਤੇ ਨਿਰਪੱਖ ਜਾਂਚ ਅਤੇ ਸਖ਼ਤ ਕਾਰਵਾਈ ਲਈ ਦਬਾਅ ਬਣਾਇਆ ਹੋਇਆ ਸੀ, ਜਿਸ ਮਗਰੋਂ ਸੀਏਟਲ ਸ਼ਹਿਰ ਦੇ ਪ੍ਰਸ਼ਾਸਨ ਅਤੇ ਜਾਨ੍ਹਵੀ ਦੇ ਪਰਵਾਰ ਵਿਚਕਾਰ ਸਮਝੌਤਾ ਹੋ ਗਿਆ ਹੈ। 262 ਕਰੋੜ ਰੁਪਏ ਦੀ ਇਹ ਵੱਡੀ ਰਾਸ਼ੀ ਪਰਵਾਰ ਨੂੰ ਪਹੁੰਚੇ ਨੁਕਸਾਨ ਅਤੇ ਪੁਲਿਸ ਦੀ ਲਾਪਰਵਾਹੀ ਦੇ ਬਦਲੇ ਦਿਤੀ ਜਾ ਰਹੀ ਹੈ।     (ਏਜੰਸੀ)