ਅਮਰੀਕੀ ਸਿੱਖਾਂ ਦੀ ਭਾਰਤ ਨੂੰ ਅਪੀਲ : ਭਾਰਤ-ਪਾਕਿ ਸਬੰਧਾਂ ਦਾ ਕਰਤਾਰਪੁਰ ਲਾਂਘੇ 'ਤੇ ਨਾ ਹੋਵੇ ਅਸਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ

US Sikhs appeals India

ਵਾਸ਼ਿੰਗਟਨ : ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਰਤ ਇਹ ਯਕੀਨੀ ਬਣਾਵੇ ਕਿ ਪੁਲਵਾਮਾ ਹਮਲੇ ਦੇ ਬਾਅਦ ਤੋਂ ਖ਼ਰਾਬ ਹੋਏ ਭਾਰਤ-ਪਾਕਿ ਰਿਸ਼ਤਿਆਂ ਨਾਲ ਕਰਤਾਰਪੁਰ ਲਾਂਘੇ ਦਾ ਕੰਮ ਪ੍ਰਭਾਵਤ ਨਾ ਹੋਵੇ। 14 ਫ਼ਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ਼ ਦੇ ਕਾਫ਼ਲੇ 'ਤੇ ਅਤਿਵਾਦੀ ਹਮਲਾ ਹੋਣ ਕਾਰਨ ਲਗਭਗ 40 ਜਵਾਨ ਸ਼ਹੀਦ ਹੋ ਗਏ ਸਨ ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਖਟਾਸ ਆ ਗਈ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ। 

ਅਮਰੀਕਾ ਦੇ ਵੱਖ-ਵੱਖ ਇਲਾਕਿਆਂ ਤੋਂ ਸਿੱਖ ਵਾਸ਼ਿੰਗਟਨ ਡੀਸੀ ਵਿੱਚ ਇਕੱਠੇ ਹੋਏ ਤੇ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਨੂੰ ਆਪਣਾ ਮੰਗ-ਪੱਤਰ ਦਿਤਾ। ਇਸ ਮੰਗ-ਪੱਤਰ ਵਿੱਚ ਸਿੱਖਾਂ ਨੇ ਮੰਗ ਕੀਤੀ ਕਿ ਭਾਰਤ ਤੇ ਪਾਕਿਸਤਾਨ ਦੇ ਮੌਜੂਦਾ ਸਬੰਧਾਂ ਕਾਰਨ ਸਿੱਖਾਂ ਦੀ ਲੰਮੇਂ ਸਮੇਂ ਤੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਕੰਮ 'ਤੇ ਕੋਈ ਮਾੜਾ ਅਸਰ ਨਾ ਪਵੇ। ਇਸ ਵਫ਼ਦ ਵਿੱਚ ਸ਼ਾਮਲ ਸਿੱਖਾਂ ਨੇ ਕਈ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸਿੱਖਾਂ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਭਰਾ ਗ੍ਰੇਗ ਪੈਂਸ ਨਾਲ ਮੁਲਾਕਾਤ ਕਰ ਕੇ ਅਪੀਲ ਕੀਤੀ ਕਿ ਖੇਤਰ ਵਿੱਚ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਅਮਰੀਕਾ ਅਹਿਮ ਭੂਮਿਕਾ ਨਿਭਾਵੇ।

ਅਮਰੀਕਾ ਵਿੱਚ ਭਾਰਤੀ ਸਫ਼ੀਰ ਹਰਸ਼ ਵਰਧਨ ਸ਼ਰਿੰਗਲਾ ਨੂੰ ਦਿਤੇ ਮੰਗ-ਪੱਤਰ ਵਿੱਚ ਯੂਨਾਈਟਡ ਸਿੱਖ ਮਿਸ਼ਨ ਦੇ ਸੰਸਥਾਪਕ ਰਸ਼ਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਭਾਰਤ-ਪਾਕਿਸਤਾਨ ਦੇ ਮੌਜੂਦਾ ਸਬੰਧਾਂ ਕਾਰਨ ਕਾਰਤਾਰਪੁਰ ਲਾਂਘੇ ਦੇ ਕੰਮ ਦੀ ਰਫ਼ਤਾਰ ਹੀ ਘੱਟ ਜਾਵੇ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਦੋਹਾਂ ਦੇਸ਼ਾਂ ਵਲੋਂ ਕੰਮ ਸ਼ੁਰੂ ਕਰਨਾ ਇਕ ਵਧੀਆ ਕਦਮ ਹੈ। ਭਾਰਤ ਵਿੱਚ ਰਹਿ ਰਹੇ ਸਿੱਖਾਂ ਦੀ ਇਹ ਕਾਫ਼ੀ ਸਮੇਂ ਤੋਂ ਮੰਗ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹ ਦਿਤਾ ਜਾਵੇ ਤਾ ਕਿ ਭਾਰਤ ਦੇ ਸਿੱਖ ਪਾਕਿਸਤਾਨ ਦੇ ਕਰਤਾਰਪੁਰ ਵਿੱਚ ਬਣੇ ਗੁਰਦਵਾਰਾ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਕਰ ਸਕਣ। ਕਰਤਾਰਪੁਰ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਸਮਾਂ ਬਤੀਤ ਕੀਤਾ ਸੀ ਤੇ ਉਨ੍ਹਾਂ ਨੇ ਹੀ ਕਰਤਾਰਪੁਰ ਵਸਾਇਆ ਸੀ।