ਭਾਰਤ ਅਤੇ ਕੈਨੇਡਾ 'ਚ ਸੜਕ ਹਾਦਸਿਆਂ ਦਾ ਹਵਾਲਾ ਦਿੰਦਿਆਂ ਸੰਯੁਕਤ ਰਾਸ਼ਟਰ ਨੇ ਸ਼ੁਰੂ ਕੀਤਾ ਫ਼ੰਡ
ਸੰਯੁਕਤ ਰਾਸ਼ਟਰ ਦੀ ਉਪ ਜਨਰਲ ਸਕੱਤਰ ਅਮੀਨਾ ਮੁਹੰਮਦ ਨੇ ਭਾਰਤ ਅਤੇ ਕੈਨੇਡਾ ਵਿਚ ਹੋਣ ਵਾਲੇ ਭਿਆਨਕ ਸੜਕ ਹਾਦਸਿਆਂ ਦਾ ਹਵਾਲਾ...
ਸੰਯੁਕਤ ਰਾਸ਼ਟਰ, 13 ਅਪ੍ਰੈਲ : ਸੰਯੁਕਤ ਰਾਸ਼ਟਰ ਦੀ ਉਪ ਜਨਰਲ ਸਕੱਤਰ ਅਮੀਨਾ ਮੁਹੰਮਦ ਨੇ ਭਾਰਤ ਅਤੇ ਕੈਨੇਡਾ ਵਿਚ ਹੋਣ ਵਾਲੇ ਭਿਆਨਕ ਸੜਕ ਹਾਦਸਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੁਨੀਆ ਨੂੰ ਇਨ੍ਹਾਂ ਮੌਤਾਂ 'ਤੇ ਤੁਰਤ ਚਿੰਤਾ ਕਰਨ ਦੀ ਲੋੜ ਹੈ। ਵਿਸ਼ਵ ਪੱਧਰੀ ਇਕਾਈ ਨੇ ਸੜਕ ਹਾਦਸਿਆਂ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਇਕ ਫ਼ੰਡ ਵੀ ਸ਼ੁਰੂ ਕੀਤਾ ਹੈ।
ਸੰਯੁਕਤ ਰਾਸ਼ਟਰ ਮਹਾਸਭਾ ਵਿਚ ਸੜਕ ਸੁਰੱਖਿਆ 'ਤੇ ਚਰਚਾ ਦੌਰਾਨ ਅਮੀਨਾ ਨੇ ਕਿਹਾ ਕਿ ਲੋਕਾਂ ਦੀ ਜਾਨ ਲੈਣ ਅਤੇ ਹਰ ਸਾਲ ਲੱਖਾਂ ਲੋਕਾਂ ਨੂੰ ਗ਼ਰੀਬੀ ਦੇ ਦਲਦਲ ਵਿਚ ਲਿਜਾਣ ਲਹੀ ਸੜਕ ਹਾਦਸੇ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਵਿਚ ਮੌਤ ਅਤੇ ਲੋਕਾਂ ਦੀ ਜ਼ਖ਼ਮੀ ਹੋਣਾ ਗੰਭੀਰ ਅਤੇ ਤੁਰਤ ਸੰਸਾਰਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹਰ ਸਾਲ ਕਰੀਬ 13 ਲੱਖ ਡਰਾਈਵਰ, ਯਾਤਰੀ ਅਤੇ ਪੈਦਲ ਯਾਤਰੀ ਅਪਣੀ ਜਾਨ ਗਵਾਉਂਦੇ ਹਨ ਅਤੇ ਦੁਨੀਆਂ ਭਰ ਵਿਚ ਲਗਭਗ 5 ਕਰੋੜ ਲੋਕ ਜ਼ਖ਼ਮੀ ਹੁੰਦੇ ਹਨ।
ਅਮੀਨ ਨੇ ਕਿਹਾ ''ਭਾਰਤ ਅਤੇ ਕੈਨੇਡਾ ਵਿਚ ਭਿਆਨਕ ਸੜਕ ਹਾਦਸੇ ਪਰਿਵਾਰਾਂ ਅਤੇ ਸਮਾਜ ਨੂੰ ਬੇਹੱਦ ਪਰੇਸ਼ਾਨੀ ਵਿਚ ਪਾ ਦਿੰਦੇ ਹਨ। ਯੂਐਨ ਰੋਡ ਸੇਫ਼ਟੀ ਟਰੱਸਟ ਫ਼ੰਡ ਨੂੰ ਸ਼ੁਰੂ ਕਰ ਕੇ ਸੜਕ ਹਾਦਸਿਆਂ ਦੀ ਤ੍ਰਾਸਦੀ ਦਾ ਹੱਲ ਕਰਨ ਲਈ ਸੰਯੁਕਤ ਰਾਸ਼ਟਰ ਨੇ ਇਕ ਮਹੱਤਵਪੂਰਨ ਕਦਮ ਉਠਾਇਆ ਹੈ ਤਾਕਿ ਜੀਵਨ ਨੂੰ ਬਚਾਇਆ ਜਾ ਸਕੇ।
ਸੰਯੁਕਤ ਰਾਸ਼ਟਰ ਮਹਾਸਭਾ ਨੇ ਰੂਸ ਵਲੋਂ ਲਿਆਂਦੇ ਗਏ ਇਕ ਪ੍ਰਸਤਾਵ ਨੂੰ ਵੀ ਸਵੀਕਾਰ ਕੀਤਾ ਹੈ, ਜਿਸ ਵਿਚ ਸੜਕ ਦੁਰਘਟਨਾਵਾ ਅਤੇ ਨੁਕਸਾਨ ਨੂੰ ਘੱਟ ਕਰਨ ਲਈ ਕਈ ਯਤਨ ਕਰਨ ਦਾ ਸੱਦਾ ਦਿਤਾ ਗਿਆ ਹੈ।