ਬ੍ਰਿਟੇਨ, ਆਸਟ੍ਰੇਲੀਆ ਤੇ ਗ੍ਰੀਸ ਨੇ ਘੱਟ ਉਮਰ ਆਬਾਦੀ ਨੂੰ ਵੈਕਸੀਨ ਨਾ ਦੇਣ ਦਾ ਲਿਆ ਫ਼ੈਸਲਾ
ਵਿਸ਼ਵ ਸਿਹਤ ਸੰਗਠਨ ਨੇ ਖ਼ੁਸ਼ਹਾਲ ਦੇਸ਼ਾਂ ਤੋਂ ਵਾਧੂ ਵੈਕਸੀਨ ਦੀ ਵੰਡ ਗ਼ਰੀਬ ਦੇਸ਼ਾਂ ਵਿਚ ਕਰਨ ਦੀ ਅਪੀਲ ਕੀਤੀ ਹੈ।
ਨਵੀਂ ਦਿੱਲੀ : ਕੁੱਝ ਵਿਕਸਿਤ ਦੇਸ਼ਾਂ ਜਿਵੇਂ ਬ੍ਰਿਟੇਨ, ਆਸਟ੍ਰੇਲੀਆ ਤੇ ਗ੍ਰੀਸ ਨੇ ਖ਼ੂਨ ’ਚ ਥੱਕਾ ਬਣਨ ਦੀ ਸਮੱਸਿਆ ਕਾਰਨ ਅਪਣੀ ਘੱਟ ਉਮਰ ਆਬਾਦੀ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਦੇਸ਼ਾਂ ਕੋਲ ਕੋਵਿਡ-19 ਤੋਂ ਬਚਾਅ ਵਾਲੀ ਇਸ ਵੈਕਸੀਨ ਦਾ ਵੱਡਾ ਭੰਡਾਰ ਮੌਜੂਦ ਹੈ। ਅਜਿਹੇ ਵਿਚ ਵਿਸ਼ਵ ਸਿਹਤ ਸੰਗਠਨ ਨੇ ਖ਼ੁਸ਼ਹਾਲ ਦੇਸ਼ਾਂ ਤੋਂ ਵਾਧੂ ਵੈਕਸੀਨ ਦੀ ਵੰਡ ਗ਼ਰੀਬ ਦੇਸ਼ਾਂ ਵਿਚ ਕਰਨ ਦੀ ਅਪੀਲ ਕੀਤੀ ਹੈ।
ਡਬਲਿਊਐਚਓ ਐਸਟ੍ਰਾਜ਼ੈਨੇਕਾ ਵੈਕਸੀਨ ਨੂੰ ਸੁਰੱਖਿਅਤ ਕਰਾਰ ਦੇ ਚੁਕਾ ਹੈ ਪਰ ਕੁ੍ੱਝ ਦੇਸ਼ ਸੁਰੱਖਿਆ ਦੇ ਉਪਾਵਾਂ ਤਹਿਤ ਇਸ ਦਾ ਸੀਮਤ ਇਸਤੇਮਾਲ ਕਰ ਰਹੇ ਹਨ ਜਦਕਿ ਉਨ੍ਹਾਂ ਆਬਾਦੀ ਦੇ ਹਿਸਾਬ ਨਾਲ ਵੈਕਸੀਨ ਦੀ ਵੱਡੀ ਮਾਤਰਾ ਪਹਿਲਾਂ ਤੋਂ ਹੀ ਬੁੱਕ ਕਰ ਰੱਖੀ ਹੈ ਅਤੇ ਹੁਣ ਪ੍ਰਾਪਤ ਹੋ ਰਹੀ ਵੈਕਸੀਨ ਦਾ ਉਹ ਦੇਸ਼ ’ਚ ਭੰਡਾਰ ਕਰ ਰਹੇ ਹਨ। ਜਦਕਿ ਦੁਨੀਆਂ ਦੇ ਤਮਾਮ ਵਿਕਾਸਸ਼ੀਲ ਦੇਸ਼ ਅਜਿਹੇ ਹਨ ਜਿਨ੍ਹਾਂ ਕੋਲ ਵੈਕਸੀਨ ਦੀ ਖ਼ਰੀਦ ਲਈ ਪੈਸਾ ਨਹੀਂ ਹੈ ਜਾਂ ਉਹ ਮਹਿੰਗੀ ਵੈਕਸੀਨ ਲੈਣ ਲਈ ਉਤਪਾਦਕ ਕੰਪਨੀ ਨੂੰ ਇਕਮੁਸ਼ਤ ਰਕਮ ਦੇ ਕੇ ਪਹਿਲਾਂ ਉਸ ਦੀ ਬੁਕਿੰਗ ਨਹੀਂ ਕਰਵਾ ਸਕੇ। ਅਜਿਹੇ ਤਮਾਮ ਦੇਸ਼ ਅਪਣੇ ਸਿਹਤ ਮੁਲਾਜ਼ਮਾਂ, ਪੁਲਿਸ ਮੁਲਾਜ਼ਮਾਂ ਅਤੇ ਹੋਰ ਫ਼ਰੰਟਲਾਈਨ ਵਰਕਰਾਂ ਦਾ ਟੀਕਾਕਰਨ ਵੀ ਨਹੀਂ ਕਰ ਸਕੇ ਹਨ।
ਡਬਲਿਊਐਚਓ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧੇਨਮ ਗੇਬ੍ਰੇਸਸ ਨੇ ਕਿਹਾ ਹੈ ਕਿ ਖ਼ੁਸ਼ਹਾਲ ਦੇਸ਼ ਅਪਣੀ ਆਬਾਦੀ ਦੇ ਚਾਰ ਵਿਚੋਂ ਇਕ ਵਿਅਕਤੀ ਦਾ ਟੀਕਾਕਰਨ ਕਰਵਾ ਚੁਕੇ ਹਨ, ਜਦਕਿ ਤਮਾਮ ਗ਼ਰੀਬ ਦੇਸ਼ ਅਪਣੇ 500 ਲੋਕਾਂ ਵਿਚੋਂ ਇਕ ਦਾ ਵੀ ਟੀਕਾਕਰਨ ਨਹੀਂ ਕਰਵਾ ਸਕੇ। ਅਜਿਹੇ ਵਿਚ ਦੁਨੀਆਂ ਦੀ ਬਹੁਤ ਵੱਡੀ ਆਬਾਦੀ ਮੌਤ ਦੇ ਖ਼ਤਰੇ ਨਾਲ ਜੂਝ ਰਹੀ ਹੈ। ਦੁਨੀਆਂ ’ਚ ਵੈਕਸੀਨ ਦੀ ਵੰਡ ’ਚ ਭਾਰੀ ਅਸਮਾਨਤਾ ਹੈ। ਕੱੁਝ ਦੇਸ਼ਾਂ ਕੋਲ ਜ਼ਰੂਰਤ ਤੋਂ ਜ਼ਿਆਦਾ ਵੈਕਸੀਨ ਉਪਲਬਧ ਹੈ ਤਾਂ ਕੱੁਝ ਉਸ ਲਈ ਤਰਸ ਰਹੇ ਹਨ। ਡਬਲਿਊਐਚਓ ਨੇ ਗਠਜੋੜ ਬਣਾ ਕੇ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਵੈਕਸੀਨ ਉਪਲਬਧ ਕਰਵਾਉਣ ਦੀ ਰੂਪਰੇਖਾ ਬਣਾਈ ਹੈ ਪਰ ਹਾਲੇ ਉਹ ਟੀਚੇ ਤੋਂ ਕਾਫ਼ੀ ਦੂਰ ਹੈ। ਇਸ ਲਈ ਡਬਲਿਊਐਚਓ ਨੇ ਖ਼ੁਸ਼ਹਾਲ ਦੇਸ਼ਾਂ ਤੋਂ ਗ਼ਰੀਬ ਦੇਸ਼ਾਂ ਨੂੰ ਵੈਕਸੀਨ ਦੀ ਵਾਧਾ ਮਾਤਰਾ ਦੀ ਵੰਡ ਕਰਨ ਲਈ ਕਿਹਾ ਹੈ।