ਰੂਸ ਦੇ ਬਦਲਦੇ ਇਰਾਦੇ ਭਾਰਤ ਲਈ ਖ਼ਤਰੇ ਦੀ ਘੰਟੀ, ਰੂਸ ਨੇ ਪਾਕਿਸਤਾਨ ਨੂੰ ਭੇਜਿਆ ਦੋਸਤੀ ਦਾ ਸੰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਸੰਦੇਸ਼ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਭਾਰਤ ਅਤੇ ਰੂਸ ਦੀ ਦੋਸਤੀ ਵਿਚ ਦਰਾੜ ਆ ਚੁੱਕੀ ਹੈ।

Russia's changing intentions sound alarm bells for India

ਇਸਲਾਮਾਬਾਦ : ਬੀਤੇ ਸਮੇਂ ਤੋਂ ਭਾਰਤ ਦੇ ਠੋਸ ਦੋਸਤ ਰਹੇ ਰੂਸ ਦੇ ਇਰਾਦੇ ਬਦਲਦੇ ਜਾ ਰਹੇ ਹਨ ਤੇ ਇਹ ਭਾਰਤ ਲਈ ਸ਼ੁਭ ਸੰਕੇਤ ਨਹੀਂ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਬਹੁਤ ਮਹੱਤਵਪੂਰਨ ਸੰਦੇਸ਼ ਭੇਜਿਆ ਹੈ। ਇਸ ਸੰਦੇਸ਼ ਵਿਚ ਰੂਸੀ ਰਾਸ਼ਟਰਪਤੀ ਪੁਤਿਨ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਰੂਸ ਪਾਕਿਸਤਾਨ ਦੀ ਹਰ ਖੇਤਰ ਵਿਚ ਮਦਦ ਕਰੇਗਾ।

ਭਾਵੇਂ ਡਿਫ਼ੈਂਸ ਸੈਕਟਰ ਹੋਵੇ ਜਾਂ ਆਰਥਿਕ ਜਗਤ, ਰੂਸ ਹਮੇਸ਼ਾ ਪਾਕਿਸਤਾਨ ਨਾਲ ਖੜ੍ਹਾ ਰਹੇਗਾ। ਰੂਸੀ ਰਾਸ਼ਟਰਪਤੀ ਦਾ ਇਹ ਸੰਦੇਸ਼ ਭਾਰਤ ਲਈ ਵੱਡਾ ਝਟਕਾ ਹੈ ਕਿਉਂਕਿ ਰੂਸ ਭਾਰਤ ਦਾ ਸੱਭ ਤੋਂ ਪੁਰਾਣਾ ਦੋਸਤ ਰਿਹਾ ਹੈ ਪਰ ਅਮਰੀਕਾ ਵਲ ਭਾਰਤ ਦੇ ਝੁਕਾਅ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਦੂਰੀ ਵੱਧ ਗਈ ਹੈ ਅਤੇ ਹੁਣ ਰੂਸੀ ਰਾਸ਼ਟਰਪਤੀ ਦੇ ਇਸ ਸੰਦੇਸ਼ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਭਾਰਤ ਅਤੇ ਰੂਸ ਦੀ ਦੋਸਤੀ ਵਿਚ ਦਰਾੜ ਆ ਚੁੱਕੀ ਹੈ।

ਪਿਛਲੇ ਹਫ਼ਤੇ ਭਾਰਤ ਦੌਰਾ ਖ਼ਤਮ ਕਰ ਕੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਪਾਕਿਸਤਾਨ ਦੌਰੇ ’ਤੇ ਗਏ ਸਨ। ਕਰੀਬ 9 ਸਾਲ ਬਾਅਦ ਕਿਸੇ ਰੂਸੀ ਵਿਦੇਸ਼ ਮੰਤਰੀ ਦਾ ਇਹ ਪਾਕਿਸਤਾਨ ਦੌਰਾ ਸੀ। ਇਸ ਦੌਰੇ ਦੌਰਾਨ ਰੂਸੀ ਵਿਦੇਸ਼ ਮੰਤਰੀ ਨੇ ਰਾਸ਼ਟਰਪਤੀ ਪੁਤਿਨ ਦਾ ਇਹ ਅਹਿਮ ਸੰਦੇਸ਼ ਪਾਕਿਸਤਾਨੀ ਆਗੂਆਂ ਨੂੰ ਦਿਤਾ। ਇਸ ਸੰਦੇਸ਼ ਵਿਚ ਲਾਵਰੋਵ ਨੇ ਕਿਹਾ ਕਿ ਰੂਸ ਪਾਕਿਸਤਾਨ ਦੀ ਲੋੜ ਮੁਤਾਬਕ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹੈ।

ਇਹੀ ਨਹੀਂ ਰੂਸ ਪਾਕਿਸਤਾਨ ਵਿਚ 8 ਅਰਬ ਡਾਲਰ ਦਾ ਨਿਵੇਸ਼ ਕਰਨਾ ਚਾਹੁੰਦਾ ਹੈ। ਰੂਸ ਅਤੇ ਪਾਕਿਸਤਾਨ ਵਿਚਾਲੇ ਵਧਦੀ ਦੋਸਤੀ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ। ਪਾਕਿਸਤਾਨ ਅਖ਼ਬਾਰ ਐਕਸਪ੍ਰੈਸ ਟ੍ਰਿਬਿਊਨ ਨੇ ਲਾਵਰੋਵ ਅਤੇ ਪਾਕਿਸਤਾਨੀ ਆਗੂਆਂ ਵਿਚਾਲੇ ਬੈਠਕ ਵਿਚ ਮੌਜੂਦ ਇਕ ਅਧਿਕਾਰੀ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਅਧਿਕਾਰੀ ਨੇ ਦਸਿਆ ਕਿ ਲਾਵਰੋਵ ਨੇ ਮੁਲਾਕਾਤ ਦੌਰਾਨ ਕਿਹਾ ਕਿ ਉਹ ਰਾਸ਼ਟਰਪਤੀ ਪੁਤਿਨ ਵਲੋਂ ਸੰਦੇਸ਼ ਲੈ ਕੇ ਆਏ ਹਨ ਕਿ ਉਹ ਪਾਕਿਸਤਾਨ ਦੀ ਹਰ ਮਦਦ ਕਰਨ ਲਈ ਤਿਆਰ ਹਨ।

ਅਧਿਕਾਰੀ ਨੇ ਲਾਵਰੋਵ ਦੇ ਹਵਾਲੇ ਨਾਲ ਕਿਹਾ,’’ਜੇਕਰ ਤੁਸੀਂ ਗੈਸ ਪਾਇਪਲਾਈਨ, ਕੌਰੀਡੋਰ, ਡਿਫੈਂਸ ਜਾਂ ਕਿਸੇ ਹੋਰ ਸਹਿਯੋਗ ਨੂੰ ਲੈ ਕੇ ਉਤਸੁਕ ਹੋ ਤਾਂ ਰੂਸ ਇਹ ਮਦਦ ਕਰਨ ਲਈ ਤਿਆਰ ਖੜ੍ਹਾ ਹੈ।’’ ਰੂਸ ਅਤੇ ਪਾਕਿਸਤਾਨ ਪਹਿਲਾਂ ਤੋਂ ਹੀ ਨਾਰਥ-ਸਾਊਥ ਗੈਸ ਪਾਈਪਲਾਈਨ ਨੂੰ ਲੈ ਕੇ ਸਹਿਯੋਗ ਕਰ ਰਹੇ ਹਨ। ਰੂਸ ਕੁੱਲ ਮਿਲਾ ਕੇ 8 ਅਰਬ ਡਾਲਰ ਦਾ ਨਿਵੇਸ਼ ਪਾਕਿਸਤਾਨ ਵਿਚ ਕਰਨਾ ਚਾਹੁੰਦਾ ਹੈ। ਪਾਕਿਸਤਾਨ ਸਟੀਲ ਮਿੱਲਜ਼ ਵਿਚ ਨਿਵੇਸ਼ ਕਰ ਕੇ ਰੂਸ ਉਸ ਦੀ ਸਥਿਤੀ ਸਹੀ ਕਰਨਾ ਚਾਹੁੰਦਾ ਹੈ। ਉੱਥੇ ਹਾਈਡ੍ਰੋਇਲੈਕਟਿਕ ਪ੍ਰਾਜੈਕਟ ਨੂੰ ਲੈ ਕੇ ਵੀ ਰੂਸ ਪਾਕਿਸਤਾਨ ਦੀ ਮਦਦ ਕਰਨਾ ਚਾਹੁੰਦਾ ਹੈ।