Sydney Mall stabbing : ਸਿਡਨੀ ਮਾਲ 'ਚ ਚਾਕੂ ਮਾਰਨ ਦੀ ਘਟਨਾ 'ਚ 4 ਲੋਕਾਂ ਦੀ ਮੌਤ; ਪੁਲਿਸ ਨੇ ਹਮਲਾਵਰ ਨੂੰ ਵੀ ਮਾਰੀ ਗੋਲੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਿਡਨੀ ਮਾਲ 'ਚ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਮਚਿਆ ਹੜਕੰਪ, ਹੁਣ ਤੱਕ 4 ਲੋਕਾਂ ਦੀ ਮੌਤ, ਹਮਲਾਵਰ ਵੀ ਢੇਰ !

Sydney Mall stabbing

Sydney Mall stabbing : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਇੱਕ ਸ਼ਾਪਿੰਗ ਮਾਲ ਵਿੱਚ ਚਾਕੂ ਮਾਰਨ ਅਤੇ ਗੋਲੀ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਵੈਸਟਫੀਲਡ ਮਾਲ ਦੇ ਅੰਦਰ ਚਾਕੂ ਮਾਰਨ ਦੀ ਖ਼ਬਰ ਮਿਲਦਿਆਂ ਹੀ ਹਫੜਾ-ਦਫੜੀ ਮਚ ਗਈ ਅਤੇ ਸੈਂਕੜੇ ਲੋਕ ਇਧਰ-ਉਧਰ ਭੱਜਦੇ ਦੇਖੇ ਗਏ।

 

ਦਰਅਸਲ, ਸਥਾਨਕ ਮੀਡੀਆ ਨੇ ਦੱਸਿਆ ਕਿ ਬਾਂਡੀ ਜੰਕਸ਼ਨ 'ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ ਤੋਂ ਬਾਅਦ ਮਾਲ ਦੇ ਅੰਦਰ ਮੌਜੂਦ ਹੋਰ ਦੁਕਾਨਦਾਰਾਂ ਨੇ ਵੀ ਲੋਕਾਂ ਨੂੰ ਅੰਦਰ ਕਰਕੇ ਆਪਣੇ ਸ਼ਟਰ ਬੰਦ ਕਰ ਦਿੱਤੇ ,ਤਾਂ ਜੋ ਉਨ੍ਹਾਂ ਦੀ ਜਾਨ ਬਚਾਈ ਜਾਵੇ। ਪੁਲਿਸ ਨੇ ਦੱਸਿਆ ਕਿ ਕਈ ਹੋਰ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਪੁਲਿਸ ਨੇ ਦੱਸਿਆ ਕਿ ਉਥੇ ਕਾਰਵਾਈ ਜਾਰੀ ਹੈ। ਇਸ ਆਪਰੇਸ਼ਨ ਕਾਰਨ ਇਲਾਕੇ ਨੂੰ ਵੀ ਖਾਲੀ ਕਰਵਾ ਲਿਆ ਗਿਆ। 

 

ਇੱਕ ਚਸ਼ਮਦੀਦ ਨੇ ਦੱਸਿਆ ਕਿ ਪੁਲਿਸ ਨੂੰ ਕਈ ਦੁਕਾਨਾਂ ਵਿੱਚ ਪੀੜਤਾਂ ਦੀ ਜਾਨ ਬਚਾਉਣ ਲਈ ਸੰਘਰਸ਼ ਕਰਦੇ ਦੇਖਿਆ ਗਿਆ, ਜਦੋਂ ਕਿ ਭੀੜ-ਭੜੱਕੇ ਵਾਲੇ ਮਾਲ ਵਿੱਚ ਸਾਰੇ ਫਰਸ਼ ਉੱਤੇ ਖੂਨ ਖਿਲਰਿਆ ਹੋਇਆ ਸੀ। ਇਸ ਘਟਨਾ ਤੋਂ ਬਾਅਦ ਸੈਂਕੜੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਨਿਊ ਸਾਊਥ ਵੇਲਜ਼ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, "ਐਮਰਜੈਂਸੀ ਸੇਵਾਵਾਂ ਨੂੰ ਸ਼ਨੀਵਾਰ ਸ਼ਾਮ 4 ਵਜੇ ਤੋਂ ਠੀਕ ਪਹਿਲਾਂ ਵੈਸਟਫੀਲਡ ਬੌਂਡੀ ਜੰਕਸ਼ਨ 'ਤੇ ਬੁਲਾਇਆ ਗਿਆ।" ਲੋਕਾਂ ਨੂੰ ਇਸ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ। ਘਟਨਾ ਸਬੰਧੀ ਪੁੱਛਗਿੱਛ ਜਾਰੀ ਹੈ।

 

ਮਾਲ 'ਚ ਗੋਲੀਬਾਰੀ ਤੋਂ ਹਰ ਕੋਈ ਡਰਿਆ ਹੋਇਆ ਸੀ


ਸਥਾਨਕ ਲੋਕਾਂ ਨੇ ਦੱਸਿਆ ਕਿ ਮਾਲ ਦੇ ਅੰਦਰੋਂ ਲਗਾਤਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਲੋਕ ਭੱਜਣ ਲੱਗੇ। ਜਾਣਕਾਰੀ ਮੁਤਾਬਕ ਮਾਲ 'ਚ ਚਾਰ ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ , ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਆਰੋਪੀ 'ਤੇ ਗੋਲੀ ਚਲਾ ਦਿੱਤੀ।