ਕੋਰੋਨਾ ਵਾਇਰਸ ਦਾ ਟੀਕਾ ਸ਼ਾਇਦ ਕਦੇ ਨਾ ਮਿਲੇ : ਬੋਰਿਸ ਜਾਨਸਨ
ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ- ਸਫ਼ਲਤਾ ਮਿਲਣ ਦੀ ਉਮੀਦ ਹੈ ਪਰ ਉਮੀਦਾਂ ਯੋਜਨਾ ਨਹੀਂ ਹੁੰਦੀਆਂ
ਲੰਦਨ, 12 ਮਈ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਚੇਤਾਵਨੀ ਦਿਤੀ ਹੈ ਕਿ ਕੋਰੋਨਾ ਵਾਇਰਸ ਦੇ ਮੁਕਾਬਲੇ ਲਈ ਟੀਕਾ ਮਿਲਣ ਦੀ ਸੰਭਾਭਨਾ ਲਗਭਗ ਇਕ ਸਾਲ ਦੂਰ ਹੈ ਅਤੇ ਹੋ ਸਕਦਾ ਹੈ ਕਿ ਇਸ ਮਾਰੂ ਬੀਮਾਰੀ ਨੂੰ ਕਾਬੂ ਕਰਨ ਲਈ ਟੀਕਾ ਕਦੇ ਮਿਲੇ ਹੀ ਨਾ। ਉਨ੍ਹਾਂ ਦੇਸ਼ ਵਿਚ ਲਾਗੂ ਤਾਲਾਬੰਦੀ ਨੂੰ ਹੌਲੀ ਹੌਲੀ ਹਟਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਅਤੇ ਅਰਥਵਿਵਸਥਾ ਖੁਲ੍ਹਣ 'ਤੇ ਸਮਾਜਕ ਦੂਰੀ ਕਾਇਮ ਰੱਖਣ ਅਤੇ ਅਪਣੀ ਸਮਝ ਦੀ ਵਰਤੋਂ ਕਰਨ 'ਤੇ ਜ਼ੋਰ ਦਿਤਾ।
ਪ੍ਰਧਾਨ ਮੰਤਰੀ ਨੇ ਕਿਹਾ, 'ਵੱਡੇ ਪੱਧਰ 'ਤੇ ਟੀਕਾ ਜਾਂ ਇਲਾਜ ਵਿਚ ਇਕ ਸਾਲ ਤੋਂ ਵੱਧ ਸਮਾਂ ਬਾਕੀ ਹੈ। ਸੱਭ ਤੋਂ ਮਾੜੀ ਹਾਲਤ ਵਿਚ ਹੋ ਸਕਦਾ ਹੈ ਕਿ ਸਾਨੂੰ ਕਦੇ ਟੀਕਾ ਮਿਲੇ ਹੀ ਨਾ। ਇਸ ਲਈ ਸਾਡੀ ਯੋਜਨਾ ਅਜਿਹੀ ਹਾਲਤ ਨਾਲ ਸਿੱਝਣ ਦੀ ਹੋਣੀ ਚਾਹੀਦੀ ਹੈ ਤਾਕਿ ਸਾਰੇ ਕੰਮ ਕਰਨ ਦੇ ਨਾਲ-ਨਾਲ ਲਾਗ ਦੇ ਅਸਰ ਤੋਂ ਬਚਿਆ ਜਾ ਸਕੇ।' ਜਾਨਸਨ ਨੇ ਮੰਨਿਆ ਕਿ ਟੀਕਾ ਜਾਂ ਦਵਾਈ ਆਧਾਰਤ ਇਲਾਜ ਹੀ ਇਸ ਦਾ ਪੱਕਾ ਹੱਲ ਹੈ।
ਉਨ੍ਹਾਂ ਕਿਹਾ ਕਿ ਭਰੋਸੇਮੰਦ ਟੀਕਾ ਬਣਾਉਣ ਲਈ ਬ੍ਰਿਟੇਨ ਨੇ ਅਪਣੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਹਨ ਅਤੇ ਆਕਸਫ਼ੋਰਡ ਯੂਨੀਵਰਸਿਟੀ ਤੇ ਫ਼ਾਰਮਾ ਕੰਪਨੀ ਐਸਟਰਾਜੇਨੇਸਾ ਨਾਲ ਭਾਈਵਾਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਤੋਂ ਤਾਲਾਬੰਦੀ ਹੌਲੀ ਹੌਲੀ ਹਟਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਫ਼ਲਤਾ ਮਿਲਣ ਦੀ ਉਮੀਦ ਹੈ ਪਰ ਉਮੀਦਾਂ ਯੋਜਨਾ ਨਹੀਂ ਹੁੰਦੀਆਂ।
ਦੇਸ਼ ਵਿਚ ਛੇ ਹਫ਼ਤਿਆਂ ਤੋਂ ਤਾਲਾਬੰਦੀ ਲਾਗੂ ਹੈ। ਲੋਕਾਂ ਨੂੰ ਏਨੇ ਸਮੇਂ ਬਾਅਦ ਦੋਸਤਾਂ ਅਤੇ ਪਰਵਾਰ ਨੂੰ ਮਿਲਣ ਤੋਂ ਇਲਾਵਾ ਬਾਹਰ ਖੇਡਣ, ਮੇਲ ਮਿਲਾਪ ਕਰਨ ਦੀ ਆਗਿਆ ਮਿਲੇਗੀ। ਜਾਨਸਨ ਨੇ ਕਿਹਾ, 'ਜਦ ਟੀਕਾ ਅਤੇ ਦਵਾਈ ਉਪਲਭਧ ਹੋ ਜਾਵੇਗੀ ਤਾਂ ਅਸੀਂ ਅਗਲੇ ਪੜਾਅ ਵਿਚ ਦਾਖ਼ਲ ਹੋਵਾਂਗੇ ਜਿਥੋਂ ਅਸੀਂ ਜੀਵਨ ਦੇ ਪ੍ਰਭਾਵਤ ਹੋਏ ਬਿਨਾਂ ਲੰਮੇ ਸਮੇਂ ਤਕ ਕੋਵਿਡ-19 ਨਾਲ ਰਹਿਣਾ ਸਿੱਖ ਜਾਵਾਂਗੇ।' (ਏਜੰਸੀ)