ਜਦੋਂ ਰਾਹੁਲ ਗਾਂਧੀ ਨੇ ਅਮਰੀਕਾ ’ਚ ਵੀ ਟਰੱਕ ਦੀ ਕੀਤੀ ਸਵਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਟਰੱਕ ਡਰਾਈਵਰ ਤਲਜਿੰਦਰ ਸਿੰਘ ਗਿੱਲ ਨਾਲ ਵਾਸ਼ਿੰਗਟਨ ਡੀ.ਸੀ. ਤੋਂ ਨਿਊਯਾਰਕ ਦਾ ਸਫ਼ਰ ਕੀਤਾ

Rahul Gandhi with Taljinder Singh Gill.

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ’ਚ ਟਰੱਕ ਦਾ ਸਫ਼ਰ ਕਰਨ ਤੋਂ ਬਾਅਦ ਅਮਰੀਕਾ ’ਚ ਵੀ ਇਕ ਟਰੱਕ ਦੀ ਸਵਾਰੀ ਕੀਤੀ ਅਤੇ ਭਾਰਤੀ ਮੂਲ ਦੇ ਟਰੱਕ ਚਾਲਕਾਂ ਦੀ ਜ਼ਿੰਦਗੀ ਬਾਰੇ ਜਾਣਨਾ ਚਾਹਿਆ।

ਰਾਹੁਲ ਗਾਂਧੀ ਨੇ ਟਰੱਕ ਦੇ ਇਸ ਸਫ਼ਰ ਦਾ ਵੀਡੀਓ ਅਪਣੇ ਟਵਿੱਟਰ ਹੈਂਡਲ ’ਤੇ ਸਾਂਝਾ ਕੀਤਾ ਹੈ। ਅਪਣੇ ਹਾਲੀਆ ਅਮਰੀਕਾ ਪ੍ਰਵਾਸ ਦੌਰਾਨ ਕਾਂਗਰਸ ਆਗੂ ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਤਲਜਿੰਦਰ ਸਿੰਘ ਗਿੱਲ ਨਾਲ ਵਾਸ਼ਿੰਗਟਨ ਡੀ.ਸੀ. ਤੋਂ ਨਿਊਯਾਰਕ ਦਾ ਸਫ਼ਰ ਕੀਤਾ। ਇਸ 190 ਕਿਲੋਮੀਟਰ ਦੀ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਅਮਰੀਕਾ ’ਚ ਰਹਿਣ ਵਾਲੇ ਭਾਰਤੀ ਮੂਲ ਦੇ ਡਰਾਈਵਰਾਂ ਦੀ ਜ਼ਿੰਦਗੀ ਦੇ ਵੱਖੋ-ਵੱਖ ਪਹਿਲੂਆਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ।

ਸਫ਼ਰ ਦੌਰਾਨ ਰਾਹੁਲ ਗਾਂਧੀ ਇਸ ਟਰੱਕ ਡਰਾਈਵਰ ਨੂੰ ਪੁਛਦੇ ਹਨ ਕਿ ਕਿੰਨਾ ਕਮਾ ਲੈਂਦੇ ਹੋ ਤਾਂ ਉਹ ਦਸਦਾ ਹੈ ਕਿ ਉਹ ਹਰ ਮਹੀਨੇ 10 ਹਜ਼ਾਰ ਡਾਲਰ (ਲਗਭਗ ਅੱਠ ਲੱਖ ਰੁਪਏ) ਤਕ ਕਮਾ ਲੈਂਦਾ ਹੈ।

ਟਰੱਕ ਡਰਾਈਵਰ ਕਹਿੰਦਾ ਹੈ, ‘‘ਅਮਰੀਕਾ ’ਚ ਟਰੱਕ ਡਰਾਈਵਰ ਅਪਣੇ ਟੱਬਰ ਨੂੰ ਚੰਗੀ ਤਰ੍ਹਾਂ ਪਾਸ-ਪੋਸ ਸਕਦਾ ਹੈ, ਪਰ ਭਾਰਤ ’ਚ ਇਹ ਮੁਸ਼ਕਲ ਹੈ।’’

ਰਾਹੁਲ ਗੱਲ ਕਰਦੇ ਸੁਣੇ ਜਾ ਸਕਦੇ ਹਨ ਕਿ ਅਮਰੀਕਾ ’ਚ ਬਣਨ ਵਾਲੇ ਟਰੱਕ ਕਿਸ ਤਰ੍ਹਾਂ ਡਰਾਈਵਰਾਂ ਦੀ ਸਹੂਲਤ ਦਾ ਖ਼ਿਆਲ ਰਖ ਕੇ ਬਣਾਏ ਜਾਂਦੇ ਹਨ ਪਰ ਭਾਰਤ ’ਚ ਚੱਲਣ ਵਾਲੇ ਟਰੱਕਾਂ ’ਚ ਡਰਾਈਵਰਾਂ ਨੂੰ ਬਹੁਤ ਘੱਟ ਸਹੂਲਤਾਂ ਮਿਲਦੀਆਂ ਹਨ।

ਇਸ ਦੌਰਾਨ ਟਰੱਕ ਡਰਾਈਵਰ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਧੂ ਨੂੰ ਇਨਸਾਫ਼ ਨਹੀਂ ਮਿਲਿਆ ਹੈ।

ਇਸ ’ਤੇ ਰਾਹੁਲ ਗਾਂਧੀ ਅਤੇ ਟਰੱਕ ਡਰਾਈਵਰ ਮੂਸੇਵਾਲਾ ਦਾ ਇਕ ਗਾਣਾ ਸੁਣਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਫੇਰੀ ’ਤੇ ਜਾਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਦਿੱਲੀ ਤੋਂ ਚੰਡੀਗੜ੍ਹ ਤਕ ਵੀ ਟਰੱਕ ’ਚ ਸਫ਼ਰ ਕੀਤਾ ਸੀ।