ਚੀਨ ’ਚ ਮਹਿਸੂਸ ਕੀਤੇ ਗਏ 5.1 ਤੀਬਰਤਾ ਦੇ ਭੂਚਾਲ ਦੇ ਝਟਕੇ
ਚੀਨ ਦੇ ਉਤਰੀ ਹੇਬੇਈ ਸੂਬੇ ਦੇ ਤੰਗਸ਼ਾਨ ਸ਼ਹਿਰ ਵਿਚ ਐਤਵਾਰ ਨੂੰ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਬੀਜਿੰਗ, 12 ਜੁਲਾਈ : ਚੀਨ ਦੇ ਉਤਰੀ ਹੇਬੇਈ ਸੂਬੇ ਦੇ ਤੰਗਸ਼ਾਨ ਸ਼ਹਿਰ ਵਿਚ ਐਤਵਾਰ ਨੂੰ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਵਿਚ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਅਧਿਕਾਰਤ ਸਮਾਚਾਰ ਏਜੰਸੀ ‘ਸ਼ਿਨਹੁਆ’ ਨੇ ਖ਼ਬਰ ਦਿਤੀ ਕਿ ਬੀਜਿੰਗ ਸਮੇਤ ਆਲੇ-ਦੁਆਲੇ ਦੇ ਹੋਰ ਇਲਾਕਿਆਂ ਵਿਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਚੀਨ ਭੂਚਾਲ ਨੈੱਟਵਰਕ ਕੇਂਦਰ ਨੇ ਦਸਿਆ ਕਿ ਭੂਚਾਲ ਸਵੇਰੇ 6 ਵੱਜ ਕੇ 38 ਮਿੰਟ ’ਤੇ ਆਇਆ ਜੋ ਗੁਏ ਜ਼ਿਲ੍ਹੇ ਵਿਚ 10 ਕਿਲੋਮੀਟਰ ਦੀ ਡੂੰਘਾਈ ’ਤੇ ਕੇਂਦਰਿਤ ਸੀ।
ਇਸ ਦੇ ਬਾਅਦ 7 ਵੱਜ ਕੇ 2 ਮਿੰਟ ’ਤੇ ਜ਼ਿਲ੍ਹੇ ਵਿਚ 2.2 ਤੀਬਰਤਾ ਦਾ ਭੂਚਾਲ ਦਾ ਦੂਜਾ ਝੱਟਕਾ ਆਇਆ। ਖ਼ਬਰ ਵਿਚ ਕਿਹਾ ਗਿਆ ਹੈ ਕਿ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਫਾਇਰਫਾਈਟਰਜ਼ ਕਰਮੀਆਂ ਨੂੰ ਜ਼ਿਲ੍ਹੇ ਲਈ ਰਵਾਨਾ ਕੀਤਾ ਗਿਆ ਹੈ।
ਰੇਲ ਵਿਭਾਗ ਨੇ ਇਲਾਕੇ ’ਚੋਂ ਲੰਘਣ ਵਾਲੀ ਯਾਤਰੀ ਰੇਲ ਸੇਵਾ ’ਤੇ ਰੋਕ ਲਗਾਉਣ ਲਈ ਤੁਰੰਤ ਐਮਰਜੈਂਸੀ ਯੋਜਨਾ ਸ਼ੁਰੂ ਕੀਤੀ ਅਤੇ ਰੇਲ ਉਪਕਰਨਾਂ ਅਤੇ ਹੋਰ ਸਹੂਲਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਤਹਾਸ ਦੀ ਸਭ ਤੋਂ ਭਿਆਨਕ ਕੁਦਰਤੀ ਆਫਤਾਂ ਵਿਚੋਂ ਇਕ ਵਿਚ, ਤੰਗਸ਼ਾਨ ਵਿਚ 1976 ਵਿਚ ਆਏ 7.8 ਤੀਬਰਤਾ ਦੇ ਭੂਚਾਲ ਨੇ ਘੱਟ ਤੋਂ ਘੱਟ 2,42,000 ਲੋਕਾਂ ਦੀ ਜਾਨ ਲੈ ਲਈ ਸੀ। (ਪੀਟੀਆਈ)