ਰੂਸ ਦੇ 'ਕੋਰੋਨਾ' ਟੀਕੇ ਬਾਰੇ ਵਿਗਿਆਨੀਆਂ ਨੂੰ ਸ਼ੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤੀਜੇ ਗੇੜ ਦੀ ਪਰਖ ਦੇ ਨਤੀਜਿਆਂ ਬਾਰੇ ਕੋਈ ਨਹੀਂ ਜਾਣਦਾ

Corona Vaccine

ਨਵੀਂ ਦਿੱਲੀ : ਰੂਸ ਦੁਆਰਾ ਬਣਾਏ ਗਏ 'ਕੋਰੋਨਾ ਵਾਇਰਸ' ਦੇ ਟੀਕੇ ਬਾਰੇ ਭਾਰਤ ਸਮੇਤ ਪੂਰੀ ਦੁਨੀਆਂ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਮੇਂ ਦੀ ਕਮੀ ਨੂੰ ਵੇਖਦਿਆਂ ਇਸ ਦੀ ਸਹੀ ਢੰਗ ਨਾਲ ਪਰਖ ਨਹੀਂ ਕੀਤੀ ਗਈ ਅਤੇ ਇਸ ਦਾ ਅਸਰ ਸਾਬਤ ਕਰਨ ਲਈ ਲੋੜੀਂਦੇ ਸਬੂਤ ਨਹੀਂ ਹੋ ਸਕਦੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਦੇਸ਼ ਨੇ ਕੋਰੋਨਾ ਵਾਇਰਸ ਵਿਰੁਧ ਦੁਨੀਆਂ ਦਾ ਪਹਿਲਾ ਟੀਕਾ ਬਣਾ ਲਿਆ ਹੈ

ਜੋ ਕੋਵਿਡ-19 ਨਾਲ ਸਿੱਝਣ ਵਿਚ ਬਹੁਤ ਅਸਰਦਾਰ ਢੰਗ ਨਾਲ ਕੰਮ ਕਰਦਾ ਹੈ। ਉਨ੍ਹਾਂ ਇਹ ਵੀ ਪ੍ਰਗਟਾਵਾ ਕੀਤਾ ਸੀ ਕਿ ਉਨ੍ਹਾਂ ਦੀਆਂ ਬੇਟੀਆਂ ਵਿਚੋਂ ਇਕ ਨੂੰ ਇਹ ਟੀਕਾ ਲਾਇਆ ਜਾ ਚੁਕਾ ਹੈ। ਪੁਣੇ ਦੀ ਭਾਰਤੀ ਵਿਗਿਆਨ ਸੰਸਥਾ ਦੇ ਵਿਗਿਆਨੀ ਵਨੀਤਾ ਬਲ ਨੇ ਕਿਹਾ, 'ਜਦ ਤਕ ਲੋਕਾਂ ਕੋਲ ਵੇਖਣ ਲਈ ਕਲੀਨਿਕਲ ਪਰਖ ਅਤੇ ਗਿਣਤੀ ਸਮੇਤ ਅੰਕੜੇ ਨਹੀਂ ਹਨ ਤਾਂ ਇਹ ਮੰਨਣਾ ਮੁਸ਼ਕਲ ਹੈ ਕਿ ਜੂਨ 2020 ਅਤੇ ਅਗੱਸਤ 2020 ਵਿਚਾਲੇ ਟੀਕੇ ਦੇ ਅਸਰ ਬਾਰੇ ਸਫ਼ਲਤਾ ਨਾਲ ਅਧਿਐਨ ਕੀਤਾ ਗਿਆ ਹੈ।'

ਉਨ੍ਹਾਂ ਕਿਹਾ, 'ਕੀ ਉਹ ਕੰਟਰੋਲਡ ਮਨੁੱਖੀ ਚੁਨੌਤੀ ਅਧਿਐਨਾਂ ਬਾਰੇ ਗੱਲ ਕਰ ਰਹੇ ਹਨ। ਜੇ ਹਾਂ ਤਾਂ ਇਹ ਸਬੂਤ ਸੁਰੱਖਿਅਤ ਅਸਰ ਦੀ ਜਾਂਚ ਕਰਨ ਲਈ ਲਾਹੇਵੰਦ ਹੈ? ਅਮਰੀਕਾ ਦੇ ਮਾਊਂਟ ਸਿਨਾਈ ਦੇ ਇਕਾਨ ਸਕੂਲ ਆਫ਼ ਮੈਡੀਸਨ ਵਿਚ ਪ੍ਰੋਫ਼ੈਸਰ ਫ਼ਲੋਰੀਅਨ ਕਰੇਮਰ ਨੇ ਟੀਕੇ ਦੀ ਸੁਰੱਖਿਆ ਬਾਰੇ ਸਵਾਲ ਉਠਾਏ ਹਨ। ਕਰੇਮਰ ਨੇ ਕਿਹਾ, 'ਨਿਸ਼ਚਤ ਨਹੀਂ ਹੈ ਕਿ ਰੂਸ ਕੀ ਕਰ ਰਿਹਾ ਹੈ

ਪਰ ਮੈਂ ਨਿਸ਼ਚੇ ਹੀ ਟੀਕਾ ਨਹੀਂ ਲਗਵਾਵਾਂਗਾ ਜਿਸ ਦਾ ਗੇੜ ਤਿੰਨ ਵਿਚ ਤਜਰਬਾ ਨਹੀਂ ਕੀਤਾ ਗਿਆ। ਕੋਈ ਨਹੀਂ ਜਾਣਦਾ ਕਿ ਕੀ ਇਹ ਸੁਰੱਖਿਅਤ ਹੈ ਜਾਂ ਕੰਮ ਕਰਦਾ ਹੈ। ਉਹ ਲੋਕਾਂ ਅਤੇ ਸਿਹਤ ਕਾਮਿਆਂ ਨੂੰ ਵੱਡੇ ਜੋਖਮ ਵਿਚ ਪਾ ਰਹੇ ਹਨ।' ਨਵੀਂ ਦਿੱਲੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਮਿਊਨੋਲੋਜੀ ਦੇ ਵਿਗਿਆਨੀ ਨੇ ਕਿਹਾ, 'ਇਹ ਇਸ ਦੀ ਮੁਢਲੀ ਸੂਚਨਾ ਹੈ ਪਰ ਇਹ ਇਸ ਦੇ ਅਸਰ ਦਾ ਸਬੂਤ ਨਹੀਂ।

ਇਸ ਦੇ ਅਸਰ ਦੇ ਸਬੂਤ ਬਿਨਾਂ ਉਹ ਟੀਕੇ ਦੀ ਵਰਤੋਂ ਕਰ ਰਹੇ ਹਨ।' ਵਾਇਰੋਲੋਜਿਸਟ ਉਪਾਸਨਾ ਰੇਅ ਮੁਤਾਬਕ ਸੰਸਾਰ ਸਿਹਤ ਸੰਥਥਾ ਨੇ ਟੀਕੇ ਦੇ ਨਿਰਮਾਣਕਾਰਾਂ ਨੂੰ ਤੈਅ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਰੇਅ ਨੇ ਕਿਹਾ ਕਿ ਰੂਸੀ ਅਧਿਕਾਰੀਆਂ ਕੋਲ ਗੇੜ ਇਕ ਅਤੇ ਦੋ ਦੇ ਨਤੀਜੇ ਹੋ ਸਕਦੇ ਹਨ ਪਰ ਗੇੜ ਤਿੰਨ ਨੂੰ ਪੂਰਾ ਕਰਨ ਵਿਚ ਏਨੀ ਤੇਜ਼ੀ ਨਾਲ ਵਿਸ਼ਵਾਸ ਕਰਨਾ ਮੁਸ਼ਕਲ ਹੋਵੇਗਾ ਜਦ ਤਕ ਅੰਕੜੇ ਜਨਤਕ ਰੂਪ ਵਿਚ ਉਪਲਭਧ ਨਾ ਹੋਣ।' ਘੱਟੋ ਘੱਟ ਸੱਤ ਭਾਰਤੀ ਫ਼ਾਰਮਾ ਕੰਪਨੀਆਂ ਅਜਿਹਾ ਟੀਕਾ ਬਣਾਉਣ ਵਿਚ ਲੱਗੀਆਂ ਹੋਈਆਂ ਹਨ।