India Pakistan News: 48 ਘੰਟਿਆਂ 'ਚ 4 ਧਮਕੀਆਂ, ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਦਿੱਤੀ ਧਮਕੀ
ਕਿਹਾ : ਭਾਰਤ-ਪਾਕਿਸਤਾਨ ਤੋਂ ਇਕ ਬੂੰਦ ਵੀ ਪਾਣੀ ਨਹੀਂ ਖੋਹ ਸਕਦਾ
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਰਤ ਨੂੰ ਫਿਰ ਧਮਕੀ ਦਿੱਤੀ ਹੈ ਕਿ ਉਹ ਕਿਸੇ ਨੂੰ ਵੀ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਲੈਣ ਦੇਣਗੇ। ਇਸਲਾਮਾਬਾਦ ’ਚ ਇੱਕ ਸਮਾਗਮ ਦੌਰਾਨ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਮੈਂ ਦੁਸ਼ਮਣ ਨੂੰ ਕਹਿਣਾ ਚਾਹੁੰਦਾ ਹਾਂ, ਜੇਕਰ ਤੁਸੀਂ ਸਾਡਾ ਪਾਣੀ ਰੋਕਣ ਦੀ ਕੋਸ਼ਿਸ਼ ਕਰੋਗੇ, ਤਾਂ ਯਾਦ ਰੱਖੋ, ਤੁਸੀਂ ਇੱਕ ਬੂੰਦ ਵੀ ਪਾਣੀ ਨਹੀਂ ਲੈ ਸਕਦੇ।
ਇਹ ਬਿਆਨ ਭਾਰਤ ਵੱਲੋਂ 23 ਅਪ੍ਰੈਲ ਨੂੰ 1960 ਦੇ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨ ਤੋਂ ਬਾਅਦ ਆਇਆ ਹੈ, ਜਦੋਂ ਪਹਿਲਗਾਮ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ 26 ਵਿਅਕਤੀ ਮਾਰੇ ਗਏ ਸਨ। ਪਾਕਿਸਤਾਨ ਨੇ ਵਾਰ-ਵਾਰ ਚੇਤਾਵਨੀ ਦਿੱਤੀ ਹੈ ਕਿ ਪਾਣੀ ਦੇ ਵਹਾਅ ਨੂੰ ਰੋਕਣਾ ਜੰਗ ਵਾਂਗ ਹੋਵੇਗਾ। ਸ਼ਾਹਬਾਜ਼ ਨੇ ਕਿਹਾ ਜੇਕਰ ਭਾਰਤ ਅਜਿਹਾ ਕੰਮ ਕਰਦਾ ਹੈ, ਤਾਂ ਉਸਨੂੰ ਅਜਿਹਾ ਸਬਕ ਸਿਖਾਇਆ ਜਾਵੇਗਾ ਕਿ ਉਸਨੂੰ ਪਛਤਾਵਾ ਹੋਵੇਗਾ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਦੇ ਬਿਆਨ ਤੋਂ ਪਹਿਲਾਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਸਿੰਧੂ ਜਲ ਸਬੰਧੀ ਕਾਫੀ ਕੌੜੇ ਸ਼ਬਦ ਕਹੇ ਸਨ। ਬਿਲਾਵਲ ਨੇ ਸਿੰਧੂ ਜਲ ਸੰਧੀ ਦੇ ਮੁਅੱਤਲ ਹੋਣ ਨੂੰ ਸਿੰਧੂ ਘਾਟੀ ਸਭਿਅਤਾ ’ਤੇ ਹਮਲਾ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਭਾਰਤ ਨੇ ਜੰਗ ਥੋਪੀ ਤਾਂ ਪਾਕਿਸਤਾਨ ਪਿੱਛੇ ਨਹੀਂ ਹਟੇਗਾ।