ਉੱਤਰੀ ਕੋਰੀਆ ਦੇ ਨੇਤਾ ਕਿਮ ਨੇ ਪੁਤਿਨ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ
ਗੋਲਾ-ਬਾਰੂਦ ਦੀ ਖ਼ਰੀਦ ਬਾਰੇ ਪੁਤਿਨ ਨੇ ਕਿਹਾ, ਅਸੀਂ ਬਿਨਾਂ ਕਿਸੇ ਜਲਦਬਾਜ਼ੀ ਦੇ ਸਾਰੇ ਮੁੱਦਿਆਂ ’ਤੇ ਗੱਲ ਕਰਾਂਗੇ
ਸਿਓਲ: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਬੁਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਪੂਰਾ ਅਤੇ ਬਿਨਾਂ ਸ਼ਰਤ ਸਮਰਥਨ ਦੇਣ ਦਾ ਵਾਅਦਾ ਕੀਤਾ। ਦੋਵਾਂ ਨੇਤਾਵਾਂ ਨੇ ਇਕ ਸ਼ਿਖਰ ਸੰਮੇਲਨ ਦਾ ਕੀਤਾ ਜਿਸ ਬਾਰੇ ਅਮਰੀਕਾ ਨੇ ਚੇਤਾਵਨੀ ਦਿਤੀ ਕਿ ਯੂਕਰੇਨ ’ਚ ਮਾਸਕੋ ਦੇ ਯੁੱਧ ਲਈ ਅਸਲਾ ਸਪਲਾਈ ਕਰਨ ਲਈ ਇਕ ਸੌਦਾ ਹੋ ਸਕਦਾ ਹੈ। ਰੂਸ ਅਤੇ ਉੱਤਰੀ ਕੋਰੀਆ ਦੇ ਨੇਤਾਵਾਂ ਵਿਚਾਲੇ ਇਹ ਬੈਠਕ ਦੂਰ-ਦੁਰਾਡੇ ਸਥਿਤ ਸਾਈਬੇਰੀਅਨ ਰਾਕੇਟ ਲਾਂਚ ਸੈਂਟਰ ’ਤੇ ਹੋਈ ਅਤੇ ਕਰੀਬ ਚਾਰ ਘੰਟੇ ਚੱਲੀ। ਪਛਮੀ ਦੇਸ਼ਾਂ ਵਲੋਂ ਅਲੱਗ-ਥਲੱਗ ਕੀਤੇ ਗਏ ਇਨ੍ਹਾਂ ਦੋਵਾਂ ਨੇਤਾਵਾਂ ਦੀ ਇਹ ਮੁਲਾਕਾਤ ਇਸ ਗੱਲ ਨੂੰ ਉਭਾਰਦੀ ਹੈ ਕਿ ਕਿਵੇਂ ਦੋਵਾਂ ਦੇ ਹਿੱਤ ਇੱਕੋ ਦਿਸ਼ਾ ’ਚ ਹਨ। ਮੰਨਿਆ ਜਾਂਦਾ ਹੈ ਕਿ ਪੁਤਿਨ ਨੂੰ ਸੋਵੀਅਤ ਯੁੱਗ ਦੇ ਹਥਿਆਰਾਂ ਲਈ ਪੁਰਾਣੇ ਗੋਲਾ-ਬਾਰੂਦ ਅਤੇ ਰਾਕੇਟਾਂ ਦੇ ਭੰਡਾਰਾਂ ਦੀ ਜ਼ਰੂਰਤ ਹੈ, ਜੋ ਉੱਤਰੀ ਕੋਰੀਆ ਕੋਲ ਭਰਪੂਰ ਹਨ।
ਅਜਿਹੀ ਬੇਨਤੀ 1950-53 ਦੇ ਕੋਰੀਆਈ ਯੁੱਧ ਦੀਆਂ ਭੂਮਿਕਾਵਾਂ ਤੋਂ ਉਲਟ ਹੋਣ ਦੀ ਨਿਸ਼ਾਨੀ ਹੋਵੇਗੀ, ਜਦੋਂ ਮਾਸਕੋ ਨੇ ਪਿਓਂਗਯਾਂਗ ਦੇ ਦਖਣੀ ਕੋਰੀਆ ਦੇ ਹਮਲੇ ਦਾ ਸਮਰਥਨ ਕਰਨ ਲਈ ਹਥਿਆਰ ਮੁਹੱਈਆ ਕਰਵਾਏ ਸਨ। ਰੂਸੀ ਧਰਤੀ ’ਤੇ ਸਭ ਤੋਂ ਮਹੱਤਵਪੂਰਨ ਲਾਂਚਿੰਗ ਕੇਂਦਰ ਵੋਸਟੋਚਨੀ ਕੋਸਮੋਡਰੋਮ ’ਤੇ ਮਿਲਣ ਦਾ ਫੈਸਲਾ ਇਹ ਦਰਸਾਉਂਦਾ ਹੈ ਕਿ ਕਿਮ ਫੌਜੀ ਖੋਜ ਉਪਗ੍ਰਹਿ ਵਿਕਸਤ ਕਰਨ ਲਈ ਰੂਸ ਦੀ ਮਦਦ ਚਾਹੁੰਦੇ ਹਨ, ਜਿਸ ਨੂੰ ਉਨ੍ਹਾਂ ਨੇ ਪ੍ਰਮਾਣੂ ਹਮਲੇ ’ਚ ਸਮਰੱਥ ਅਪਣੀ ਮਿਜ਼ਾਈਲ ਦੇ ਖ਼ਤਰੇ ਨੂੰ ਵਧਾਉਣ ਲਈ ਮਹੱਤਵਪੂਰਨ ਦਸਿਆ ਹੈ। ਪਿਛਲੇ ਕੁਝ ਮਹੀਨਿਆਂ ’ਚ, ਉੱਤਰੀ ਕੋਰੀਆ ਅਪਣੇ ਪਹਿਲੇ ਫੌਜੀ ਜਾਸੂਸੀ ਉਪਗ੍ਰਹਿ ਨੂੰ ਪੰਧ ’ਚ ਸਥਾਪਤ ਕਰਨ ’ਚ ਵਾਰ-ਵਾਰ ਅਸਫਲ ਰਿਹਾ ਹੈ।
ਕਿਮ ਅਪਣੀ ਲਿਮੋਜ਼ਿਨ ਕਾਰ ’ਚ ਲਾਂਚ ਸੈਂਟਰ ਪਹੁੰਚੇ, ਜਿਸ ਨੂੰ ਉਹ ਪਿਓਂਗਯਾਂਗ ਤੋਂ ਇਕ ਵਿਸ਼ੇਸ਼ ਬਖਤਰਬੰਦ ਰੇਲਗੱਡੀ ਵਿਚ ਲਿਆਏ ਸਨ। ਇਸ ਦੌਰਾਨ ਪੁਤਿਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਹੱਥ ਮਿਲਾਇਆ। ਦੋਵਾਂ ਨੇਤਾਵਾਂ ਨੇ ਕਰੀਬ 40 ਸਕਿੰਟ ਤਕ ਹੱਥ ਮਿਲਾਏ। ਪੁਤਿਨ ਨੇ ਉੱਤਰੀ ਕੋਰੀਆ ਨੂੰ ਸੋਵੀਅਤ ਸੰਘ ਵਲੋਂ ਯੁੱਧ ਸਮੇਂ ਸਮਰਥਨ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਗੱਲਬਾਤ ’ਚ ਆਰਥਕ ਸਹਿਯੋਗ, ਮਾਨਵਤਾਵਾਦੀ ਮੁੱਦਿਆਂ ਅਤੇ ‘ਖੇਤਰ ਦੀ ਸਥਿਤੀ’ ਸ਼ਾਮਲ ਹੋਵੇਗੀ। ਕਿਮ ਨੇ ਅਸਿੱਧੇ ਤੌਰ ’ਤੇ ਯੂਕਰੇਨ ’ਚ ਜੰਗ ਦਾ ਸੰਕੇਤ ਦਿਤਾ ਅਤੇ ਮਾਸਕੋ ਲਈ ਲਗਾਤਾਰ ਸਮਰਥਨ ਦਾ ਵਾਅਦਾ ਕੀਤਾ।
ਉਨ੍ਹਾਂ ਕਿਹਾ, ‘‘ਰੂਸ ਵਰਤਮਾਨ ’ਚ ਅਪਣੇ ਪ੍ਰਭੂਸੱਤਾ ਦੇ ਅਧਿਕਾਰਾਂ, ਸੁਰੱਖਿਆ ਅਤੇ ਹਿੱਤਾਂ ਦੀ ਰਾਖੀ ਲਈ ਕਬਜ਼ਕਾਰੀ ਤਾਕਤਾਂ ਵਿਰੁਧ ਇਕ ਨਿਆਂਪੂਰਨ ਸੰਘਰਸ਼ ’ਚ ਰੁਝਿਆ ਹੋਇਆ ਹੈ। ਡੈਮੋਕ੍ਰੇਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ ਨੇ ਹਮੇਸ਼ਾ ਰੂਸੀ ਸਰਕਾਰ ਵਲੋਂ ਚੁੱਕੇ ਗਏ ਸਾਰੇ ਕਦਮਾਂ ਲਈ ਅਪਣਾ ਪੂਰਾ ਅਤੇ ਬਿਨਾਂ ਸ਼ਰਤ ਸਮਰਥਨ ਪ੍ਰਗਟ ਕੀਤਾ ਹੈ ਅਤੇ ਮੈਂ ਇਸ ਮੌਕੇ ਮੁੜ ਦੁਹਰਾਉਂਦਾ ਹਾਂ ਕਿ ਅਸੀਂ ਸਾਮਰਾਜ ਵਿਰੋਧੀ ਅਤੇ ਆਜ਼ਾਦੀ ਦੇ ਮੋਰਚੇ ’ਤੇ ਹਮੇਸ਼ਾ ਰੂਸ ਦੇ ਨਾਲ ਖੜੇ ਰਹਾਂਗੇ।’’
ਪੁਤਿਨ ਨੇ ਰੂਸ ਦੇ ਸਰਕਾਰੀ ਟੀ.ਵੀ. ਨੂੰ ਦਸਿਆ ਕਿ ਸ਼ਿਖਰ ਸੰਮੇਲਨ ਤੋਂ ਬਾਅਦ ਕਿਮ ਇਕੱਲੇ ਦੂਰ ਪੂਰਬ ਦੇ ਦੋ ਹੋਰ ਸ਼ਹਿਰਾਂ ਦਾ ਦੌਰਾ ਕਰਨਗੇ। ਇਸ ਸਵਾਲ ’ਤੇ ਕਿ ਕੀ ਰੂਸ ਉੱਤਰੀ ਕੋਰੀਆ ਨੂੰ ਉਪਗ੍ਰਹਿ ਬਣਾਉਣ ਵਿਚ ਮਦਦ ਕਰੇਗਾ, ਰੂਸੀ ਸਰਕਾਰੀ ਮੀਡੀਆ ਨੇ ਪੁਤਿਨ ਦੇ ਹਵਾਲੇ ਨਾਲ ਕਿਹਾ, ‘‘ਇਸੇ ਲਈ ਅਸੀਂ ਇੱਥੇ ਆਏ ਹਾਂ। ਡੈਮੋਕਰੇਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ (ਡੀ.ਪੀ.ਆਰ.ਕੇ.) (ਉੱਤਰੀ ਕੋਰੀਆ) ਦੇ ਨੇਤਾ ਰਾਕੇਟ ਤਕਨਾਲੋਜੀ ’ਚ ਡੂੰਘੀ ਦਿਲਚਸਪੀ ਰਖਦੇ ਹਨ ਅਤੇ ਇਸ ਖੇਤਰ ’ਚ ਅਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।’’
ਫੌਜੀ ਸਹਿਯੋਗ ਬਾਰੇ ਪੁੱਛੇ ਜਾਣ ’ਤੇ ਪੁਤਿਨ ਨੇ ਕਿਹਾ, ‘‘ਅਸੀਂ ਬਿਨਾਂ ਕਿਸੇ ਜਲਦਬਾਜ਼ੀ ਦੇ ਸਾਰੇ ਮੁੱਦਿਆਂ ’ਤੇ ਗੱਲ ਕਰਾਂਗੇ। ਇਸ ਲਈ ਅਜੇ ਵੀ ਸਮਾਂ ਹੈ।’’
ਪੁਤਿਨ ਲਈ, ਕਿਮ ਨਾਲ ਮੁਲਾਕਾਤ ਅਸਲੇ ਦੇ ਭੰਡਾਰਾਂ ਨੂੰ ਭਰਨ ਦਾ ਇਕ ਮੌਕਾ ਹੈ ਜੋ 18 ਮਹੀਨਿਆਂ ਦੀ ਜੰਗ ਕਾਰਨ ਖ਼ਤਮ ਹੋ ਗਿਆ ਜਾਪਦਾ ਹੈ। ਕਿਮ ਲਈ, ਇਹ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਅਤੇ ਸਾਲਾਂ ਦੇ ਕੂਟਨੀਤਕ ਅਲੱਗ-ਥਲੱਗ ਤੋਂ ਬਚਣ ਦਾ ਮੌਕਾ ਹੈ।
ਦਖਣੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਮ ਸੂ-ਸੁਕ ਨੇ ਕਿਹਾ ਕਿ ਸਿਓਲ ਕਿਮ ਦੀ ਯਾਤਰਾ ’ਤੇ ਨੇੜਿਉਂ ਨਜ਼ਰ ਰਖਦਿਆਂ ਮਾਸਕੋ ਨਾਲ ਸੰਪਰਕ ਬਣਾ ਰਿਹਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਕੋਲ ਸੋਵੀਅਤ ਡਿਜ਼ਾਈਨ ’ਤੇ ਆਧਾਰਤ ਲੱਖਾਂ ਪੁਰਾਣੇ ਤੋਪਖਾਨੇ ਅਤੇ ਰਾਕੇਟ ਹੋ ਸਕਦੇ ਹਨ ਜੋ ਰੂਸੀ ਬਲਾਂ ਨੂੰ ਯੂਕਰੇਨ ’ਚ ਬਹੁਤ ਜ਼ਿਆਦਾ ਫਾਇਦਾ ਦੇ ਸਕਦੇ ਹਨ। ਹਾਲਾਂਕਿ, ਉੱਤਰੀ ਕੋਰੀਆ ਤੋਂ ਹਥਿਆਰ ਖਰੀਦਣਾ ਜਾਂ ਉਸ ਨੂੰ ਰਾਕੇਟ ਤਕਨਾਲੋਜੀ ਪ੍ਰਦਾਨ ਕਰਨਾ ਅੰਤਰਰਾਸ਼ਟਰੀ ਪਾਬੰਦੀਆਂ ਦੀ ਉਲੰਘਣਾ ਕਰੇਗਾ ਜਿਨ੍ਹਾਂ ਦਾ ਰੂਸ ਨੇ ਅਤੀਤ ’ਚ ਸਮਰਥਨ ਕੀਤਾ ਹੈ।