ਉੱਤਰ-ਪਛਮੀ  ਕਾਂਗੋ ’ਚ 2 ਕਿਸ਼ਤੀ ਹਾਦਸੇ, 193 ਮੁਸਾਫ਼ਰਾਂ  ਦੀ ਮੌਤ 

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹ ਹਾਦਸੇ ਬੁਧਵਾਰ  ਅਤੇ ਵੀਰਵਾਰ ਨੂੰ ਭੂਮੱਧ ਪ੍ਰਾਂਤ ਵਿਚ ਲਗਭਗ 150 ਕਿਲੋਮੀਟਰ ਦੀ ਦੂਰੀ ਉਤੇ ਵਾਪਰੇ

Representative Image.

ਕਿਨਸ਼ਾਸਾ : ਉੱਤਰ-ਪਛਮੀ  ਕਾਂਗੋ ਵਿਚ ਇਸ ਹਫਤੇ ਦੋ ਵੱਖ-ਵੱਖ ਕਿਸ਼ਤੀਆਂ ਹਾਦਸਿਆਂ ਵਿਚ ਘੱਟੋ-ਘੱਟ 193 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਹੋ ਗਏ। ਇਹ ਹਾਦਸੇ ਬੁਧਵਾਰ  ਅਤੇ ਵੀਰਵਾਰ ਨੂੰ ਭੂਮੱਧ ਪ੍ਰਾਂਤ ਵਿਚ ਲਗਭਗ 150 ਕਿਲੋਮੀਟਰ ਦੀ ਦੂਰੀ ਉਤੇ  ਵਾਪਰੇ।

ਕਾਂਗੋ ਦੇ ਮਾਨਵਤਾਵਾਦੀ ਮਾਮਲਿਆਂ ਦੇ ਮੰਤਰਾਲੇ ਨੇ ਇਕ ਰੀਪੋਰਟ  ਵਿਚ ਕਿਹਾ ਕਿ ਲਗਭਗ 500 ਮੁਸਾਫ਼ਰਾਂ  ਨਾਲ ਇਕ ਕਿਸ਼ਤੀ ਨੂੰ ਅੱਗ ਲੱਗ ਗਈ ਅਤੇ ਵੀਰਵਾਰ ਸ਼ਾਮ ਨੂੰ ਕਾਂਗੋ ਨਦੀ ਦੇ ਕਿਨਾਰੇ ਪਲਟ ਗਈ। ਰੀਪੋਰਟ  ਵਿਚ ਕਿਹਾ ਗਿਆ ਹੈ ਕਿ ਇਸ ਹਾਦਸੇ ਤੋਂ ਬਾਅਦ 209 ਲੋਕਾਂ ਨੂੰ ਬਚਾਇਆ ਗਿਆ ਹੈ, ਜਿਸ ਵਿਚ ਲੁਕੋਲੇਲਾ ਖੇਤਰ ਦੇ ਮਲਾੰਗੇ ਪਿੰਡ ਦੇ ਨੇੜੇ ਇਕ ਵ੍ਹੇਲ ਕਿਸ਼ਤੀ ਸ਼ਾਮਲ ਸੀ। 

ਇਕ ਦਿਨ ਪਹਿਲਾਂ ਸੂਬੇ ਦੇ ਬਾਸਾਂਕੁਸੂ ਖੇਤਰ ਵਿਚ ਇਕ ਮੋਟਰ ਚਾਲਿਤ ਕਿਸ਼ਤੀ ਪਲਟ ਗਈ, ਜਿਸ ਵਿਚ ਘੱਟੋ-ਘੱਟ 86 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਸਨ। ਕਈ ਲੋਕ ਲਾਪਤਾ ਸਨ, ਪਰ ਰੀਪੋਰਟਾਂ ਵਿਚ ਇਹ ਅੰਕੜਾ ਨਹੀਂ ਦਿਤਾ ਗਿਆ ਕਿ ਕਿੰਨੇ ਹਨ।  ਇਹ ਤੁਰਤ  ਸਪੱਸ਼ਟ ਨਹੀਂ ਹੋ ਸਕਿਆ ਕਿ ਹਾਦਸੇ ਦਾ ਕਾਰਨ ਕੀ ਹੈ ਜਾਂ ਕੀ ਬਚਾਅ ਕਾਰਜ ਸ਼ੁਕਰਵਾਰ  ਸ਼ਾਮ ਨੂੰ ਜਾਰੀ ਹਨ।