ਹਮਾਸ ਨੇ ਇਜ਼ਰਾਈਲੀ ਬੱਚਿਆਂ ਨੂੰ ਮਾਰ ਕੇ ਸਾੜਿਆ? PM ਬੈਂਜਾਮਿਨ ਨੇਤਨਯਾਹੂ ਨੇ ਦੁਨੀਆਂ ਨੂੰ ਦਿਖਾਇਆ ਸਬੂਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਨੇਤਨਯਾਹੂ ਦੇ ਦਫ਼ਤਰ ਨੇ ਦਾਅਵਾ ਕੀਤਾ ਕਿ ਇਹ ਫੋਟੋਆਂ ਹਮਾਸ ਦੁਆਰਾ ਮਾਰੇ ਅਤੇ ਸਾੜੇ ਗਏ ਬੱਚਿਆਂ ਦੀਆਂ ਹਨ।

Israel PM's X account shares photos of babies allegedly killed by Hamas

 

ਤੇਲ ਅਵੀਵ: ਇਜ਼ਰਾਈਲ ਅਤੇ ਫਲਸਤੀਨ ਸੰਗਠਨ ਹਮਾਸ ਵਿਚਾਲੇ ਜੰਗ ਨੇ ਖਤਰਨਾਕ ਰੂਪ ਲੈ ਲਿਆ ਹੈ। ਪਿਛਲੇ 6 ਦਿਨਾਂ ਤੋਂ ਦੋਵਾਂ ਪਾਸਿਆਂ ਤੋਂ ਰਾਕੇਟ ਅਤੇ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਹਨ, ਬੰਬਾਰੀ ਕੀਤੀ ਜਾ ਰਹੀ ਹੈ। ਹਮਾਸ ਨੇ ਹਮਲੇ ਤੋਂ ਬਾਅਦ 150 ਤੋਂ ਵੱਧ ਇਜ਼ਰਾਈਲੀ ਲੋਕਾਂ ਅਤੇ ਕੁੱਝ ਵਿਦੇਸ਼ੀਆਂ ਨੂੰ ਬੰਧਕ ਬਣਾ ਲਿਆ ਸੀ। ਉਨ੍ਹਾਂ ਨੂੰ ਗਾਜ਼ਾ ਪੱਟੀ ਵਿਚ ਸੁਰੰਗਾਂ ਦੇ ਅੰਦਰ ਰੱਖਿਆ ਗਿਆ ਹੈ। ਬੰਧਕਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਹਮਾਸ ਨੇ ਹਰ ਹਵਾਈ ਹਮਲੇ ਦੇ ਬਦਲੇ ਹਰੇਕ ਬੰਧਕ ਨੂੰ ਮਾਰਨ ਦੀ ਧਮਕੀ ਦਿਤੀ ਸੀ।

 

ਹਮਾਸ 'ਤੇ ਬੱਚਿਆਂ ਦੀ ਹਤਿਆ ਦਾ ਵੀ ਦੋਸ਼ ਹੈ। ਹਾਲਾਂਕਿ ਹਮਾਸ ਇਸ ਤੋਂ ਇਨਕਾਰ ਕਰਦਾ ਰਿਹਾ ਹੈ ਪਰ ਹੁਣ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੁਨੀਆ ਨੂੰ ਸਬੂਤ ਦਿਖਾ ਦਿਤੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿਟਰ) 'ਤੇ ਮ੍ਰਿਤਕ ਬੱਚਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਹ ਤਸਵੀਰਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੁਲਾਕਾਤ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਵੀ ਦਿਖਾਈਆਂ। ਨੇਤਨਯਾਹੂ ਦੇ ਦਫ਼ਤਰ ਨੇ ਦਾਅਵਾ ਕੀਤਾ ਕਿ ਇਹ ਫੋਟੋਆਂ ਹਮਾਸ ਦੁਆਰਾ ਮਾਰੇ ਅਤੇ ਸਾੜੇ ਗਏ ਬੱਚਿਆਂ ਦੀਆਂ ਹਨ।

 

ਤਸਵੀਰਾਂ ਸਾਂਝੀਆਂ ਕਰਦੇ ਹੋਏ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਲਿਖਿਆ- ਚਿਤਾਵਨੀ: ਇਹ ਹਮਾਸ ਦੇ ਵਹਿਸ਼ੀਆਂ ਦੁਆਰਾ ਬੱਚਿਆਂ ਦੀ ਹਤਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜਨ ਦੀਆਂ ਭਿਆਨਕ ਤਸਵੀਰਾਂ ਹਨ। ਹਮਾਸ ਇਨਸਾਨ ਨਹੀਂ ਹੈ। ਉਹ ਆਈ.ਐਸ.ਆਈ.ਐਸ. ਹਨ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਅਪਣੇ ਸੰਬੋਧਨ 'ਚ ਦਾਅਵਾ ਕੀਤਾ ਸੀ ਕਿ ਹਮਾਸ ਇਜ਼ਰਾਇਲੀ ਬੱਚਿਆਂ ਦਾ ਸਿਰ ਕਲਮ ਕਰ ਰਿਹਾ ਹੈ। ਹੁਣ ਇਜ਼ਰਾਈਲ ਦੇ ਪੀ.ਐਮ. ਦਫ਼ਤਰ ਨੇ ਤਸਵੀਰਾਂ ਦਿਖਾਈਆਂ ਹਨ।

 

ਦਰਅਸਲ, ਹਮਾਸ ਨੇ ਬੱਚਿਆਂ ਨੂੰ ਮਾਰਨ ਦੇ ਦਾਅਵੇ ਨੂੰ ਸਖ਼ਤੀ ਨਾਲ ਰੱਦ ਕਰ ਦਿਤਾ ਸੀ। ਹਮਾਸ ਦੇ ਬੁਲਾਰੇ ਗਾਜ਼ੀ ਹਮਾਦ ਨੇ ਕਿਹਾ, "ਸਾਨੂੰ ਇਕ ਤਸਵੀਰ ਦਿਖਾਉ ਜਿਸ ਵਿਚ ਅਸੀਂ ਔਰਤਾਂ ਅਤੇ ਬੱਚਿਆਂ ਨੂੰ ਮਾਰਿਆ ਹੈ। ਅਸੀਂ ਆਮ ਨਾਗਰਿਕਾਂ ਨੂੰ ਨਹੀਂ ਮਾਰਦੇ। ਇਹ ਪੱਛਮੀ ਦੇਸ਼ਾਂ ਅਤੇ ਉਨ੍ਹਾਂ ਦੇ ਮੀਡੀਆ ਦੁਆਰਾ ਫੈਲਾਇਆ ਗਿਆ ਝੂਠ ਹੈ।" ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਈ ਜੰਗ 'ਚ ਹੁਣ ਤਕ 4 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿਚ 1300 ਤੋਂ ਵੱਧ ਇਜ਼ਰਾਈਲੀ ਨਾਗਰਿਕ ਅਤੇ ਸੈਨਿਕ ਸ਼ਾਮਲ ਹਨ। ਜਦਕਿ ਗਾਜ਼ਾ ਵਿਚ ਵੀ 1100 ਤੋਂ ਵੱਧ ਫਲਸਤੀਨੀ ਅਪਣੀ ਜਾਨ ਗੁਆ ​​ਚੁੱਕੇ ਹਨ।