Pakistan ਸਥਿਤ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਦੀ ਇਮਾਰਤ ਦੀ ਹਾਲਤ ਤਰਸਯੋਗ
ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ
ਅੰਮ੍ਰਿਤਸਰ : ਭਾਰਤ-ਪਾਕਿ ਸਰਹੱਦ ’ਤੇ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੀ ਤਹਿਸੀਲ ਤੇ ਜ਼ਿਲ੍ਹਾ ਲਾਹੌਰ ਦੀ ਹੱਦ ’ਚ ਪੈਂਦੇ ਪਿੰਡ ਭੰਡਾਣਾ ਸਥਿਤ ਮੀਰੀ-ਪੀਰੀ ਦੇ ਮਾਲਕ ਤੇ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਧਰਤੀ ਗੁਰਦੁਆਰਾ ਹਰਗੋਬਿੰਦ ਸਾਹਿਬ ਜੀ ਦੀ ਇਮਾਰਤ ਦੀ ਸੰਭਾਲ ਨਾ ਹੋਣ ਕਾਰਨ ਹਾਲਤ ਤਰਸਯੋਗ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਸੰਨ 1947 ਦੀ ਭਾਰਤ-ਪਾਕਿ ਵੰਡ ਤੋਂ ਪਹਿਲਾਂ ਸਰਹੱਦੀ ਪਿੰਡ ਭੰਡਾਣਾ ਵਿਖੇ ਵੱਡੀ ਗਿਣਤੀ ’ਚ ਸਰਦੇ ਪੁੱਜਦੇ ਹਰੇਕ ਵਰਗ ਦੇ ਸਿੱਖਾਂ ਦੀ ਸੰਘਣੀ ਆਬਾਦੀ ਸੀ ਤੇ ਉਹ ਰੋਜ਼ਾਨਾ ਤੇ ਖਾਸ ਕਰ ਵਿਸ਼ੇਸ਼ ਧਾਰਮਿਕ ਦਿਨਾਂ ’ਤੇ ਗੁਰੂ ਘਰ ਨਤਮਸਤਕ ਹੁੰਦੇ ਸਨ। ਇਸ ਗੁਰਦੁਆਰਾ ਸਾਹਿਬ ਦੇ ਨਾਮ ਦੀ ਤੇ ਇਸ ਦੇ ਇਤਿਹਾਸਕ ਪੱਖਾਂ ਦੀ ਸਥਿਤੀ ਗੁਰਦੁਆਰਾ ਸਾਹਿਬ ਦੀ ਕੰਧ ’ਤੇ ਲੱਗੇ ਸੰਗਮਰਮਰ ਦੇ ਪੱਥਰਾਂ ’ਤੇ ਅੰਕਿਤ ਕੀਤੇ ਗਏ ਲੇਖਾਂ ਤੇ ਨਾਵਾਂ ਤੋਂ ਸਪੱਸ਼ਟ ਹੋ ਰਹੀ ਹੈ। ਜਾਣਕਾਰੀ ਅਨੁਸਾਰ ਭਾਰਤ-ਪਾਕਿ ਦੀ 1947 ਦੀ ਅਣਕਿਆਸੀ ਵੰਡ ਤੋਂ ਬਾਅਦ ਇਹ ਗੁਰੂ ਘਰ ਅਣਦੇਖੀ ਦਾ ਸ਼ਿਕਾਰ ਹੋ ਗਿਆ ਅਤੇ ਹੁਣ ਵੀ ਇਸ ਦੀ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਹੈ। ਗੁਰਦੁਆਰਾ ਸਾਹਿਬ ਅੰਦਰ ਇਸ ਸਮੇਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਹੈ। ਜਗ੍ਹਾ-ਜਗ੍ਹਾ ਤੋਂ ਇਮਾਰਤ ਦੀ ਹਾਲਤ ਖ਼ਸਤਾ ਹੈ। ਫਰਸ਼ ਵੀ ਕਈ ਥਾਵਾਂ ਤੋਂ ਬੈਠ ਗਿਆ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਭੰਡਾਣਾ ਪਿੰਡ ਦੇ ਸਥਾਨਕ ਬਾਸ਼ਿੰਦਿਆਂ ਵਿਚੋਂ ਕੋਈ ਪਰਿਵਾਰ ਕਾਬਜ਼ ਹੋ ਕੇ ਅੰਦਰ ਰਹਿ ਰਿਹਾ ਹੈ। ਜੋ ਕਿ ਕਈ ਪ੍ਰਕਾਰ ਦੇ ਸਵਾਲਾਂ ਨੂੰ ਜਨਮ ਦਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ-ਪਾਕਿ ਵੰਡ ਤੋਂ ਬਾਅਦ ਵੱਡੀ ਗਿਣਤੀ ’ਚ ਪਾਕਿ ’ਚ ਰਹਿ ਗਏ ਸਿੱਖ ਪਰਿਵਾਰਾਂ ਜਾਂ ਫਿਰ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਇਸ ਗੁਰੂ ਘਰ ਦੀ ਸੇਵਾ ਸੰਭਾਲ ’ਚ ਦਿਲਚਸਪੀ ਕਿਉਂ ਨਹੀਂ ਦਿਖਾਈ। ਜਦਕਿ ਭਾਰਤ ਵੱਲੋਂ ਵੀ ਪਾਕਿ ਸਥਿਤ ਸਿੱਖ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਜੱਥਿਆਂ ਦੇ ਰੂਪ ਵਿਚ ਸਿੱਖ ਸ਼ਰਧਾਲੂ ਆਉਂਦੇ-ਜਾਂਦੇ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਭੰਡਾਣਾ ਪਿੰਡ ਦੇ ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇਕ ਫੌਜੀ ਜਰਨੈਲ ਜਵਾਲਾ ਸਿੰਘ ਸੰਧੂ ਦਾ ਗੂੜਾ ਰਿਸ਼ਤਾ ਰਿਹਾ ਹੈ। ਇੱਥੇ ਉਨ੍ਹਾਂ ਦੀ ਇਕ ਬਹੁ-ਇਮਾਰਤੀ ਵਿਸ਼ਾਲ ਹਵੇਲੀ ਵੀ ਸਥਾਪਤ ਹੈ ਤੇ ਉਹ ਉਸ ਸਮੇਂ ਕਿਸੇ ਵੀ ਕਾਰਜ ਖੇਤਰ ’ਚ ਜਾਣ ਤੋਂ ਪਹਿਲਾਂ ਇਸ ਗੁਰੂ ਘਰ ’ਚ ਨਤਮਸਤਕ ਹੋ ਕੇ ਹੀ ਆਪਣਾ ਕੰਮ ਸ਼ੁਰੂ ਕਰਦੇ ਸਨ।
ਇਸ ਗੁਰਦੁਆਰਾ ਸਾਹਿਬ ਦੀ ਤਰਸਯੋਗ ਹਾਲਤ ਨੂੰ ਲੈ ਕੇ ਪਾਕਿਸਤਾਨ ਦੇ ਇਕ ਯੂਟਿਊਬਰ ਵੱਲੋਂ ਵੀ ਇਕ ਵੀਡੀਓੁ ਕਲਿੱਪ ਸ਼ੋਸ਼ਲ ਮੀਡੀਆ ’ਤੇ ਅਪਲੋਡ ਕਰ ਕੇ ਇਸ ਬਾਬਤ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਲਹਿੰਦੇ ਪੰਜਾਬ ਦੀ ਤਹਿਸੀਲ ਤੇ ਜ਼ਿਲ੍ਹਾ ਲਾਹੌਰ ਨਾਲ ਸਬੰਧਤ ਸਰਹੱਦੀ ਪਿੰਡ ਭੰਡਾਣਾ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ ਇਸ ਪਿੰਡ ਦੇ ਨਾਲ ਦੋਵਾਂ ਦੇਸ਼ਾਂ ਦੇ ਸਾਂਝੇ ਪੰਜਾਬ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆ ਹੋਈਆਂ ਹਨ।