ਰਾਸ਼ਟਰਪਤੀ ਚੋਣਾਂ ਵਿਚ ਜਿੱਤ ਲਈ ਚੀਨ ਨੇ 6 ਦਿਨ ਬਾਅਦ ਜੋ ਬਾਇਡਨ ਨੂੰ ਦਿੱਤੀ ਵਧਾਈ
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਚੀਨ ਅਮਰੀਕਾ ਦੇ ਲੋਕਾਂ ਦੀ ਪਸੰਦ ਦਾ ਆਦਰ ਕਰਦਾ ਹੈ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਨਵੇਂ ਚੁਣੇ ਗਏ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੂੰ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਚੀਨ ਉਹਨਾਂ ਚੋਣਵੇਂ ਦੇਸ਼ਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੇ ਕਾਫ਼ੀ ਸਮੇਂ ਬਾਅਦ ਜੋ ਬਾਈਡਨ ਨੂੰ ਵਧਾਈ ਦਿੱਤੀ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਉਹਨਾਂ ਦਾ ਦੇਸ਼ ਅਮਰੀਕਾ ਦੇ ਲੋਕਾਂ ਦੀ ਪਸੰਦ ਦਾ ਆਦਰ ਕਰਦਾ ਹੈ। ਵਾਂਗ ਨੇ ਕਿਹਾ, 'ਅਸੀਂ ਜੋ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵਧਾਈ ਦਿੰਦੇ ਹਾਂ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਚੋਣ ਨਤੀਜਿਆਂ ਦੀ ਪੁਸ਼ਟੀ ਅਮਰੀਕੀ ਕਾਨੂੰਨਾਂ ਅਤੇ ਪ੍ਰਕਿਰਿਆ ਮੁਤਾਬਕ ਹੋਵੇਗੀ।
ਦੱਸ ਦਈਏ ਕਿ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡਾਇਡਨ ਨੂੰ ਜਿੱਤ ਮਿਲਣ ਤੋਂ ਬਾਅਦ ਦੁਨੀਆਂ ਭਰ ਤੋਂ ਸੁਨੇਹੇ ਆਏ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਤੀਜੇ ਆਉਣ ਤੋਂ ਬਾਅਦ ਬਾਇਡਨ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਸੀ।
ਇਸ ਤੋਂ ਇਲਾਵਾ ਪੀਐਮ ਮੋਦੀ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੀ ਵਧਾਈ ਦਿੱਤੀ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋ ਨੇ ਵੀ ਟਵੀਟ ਕਰਕੇ ਜੋ ਬਇਡਨ ਅਤੇ ਕਮਲਾ ਹੈਰਿਸ ਨੂੰ ਵਧਾਈ ਦਿੱਤੀ ਸੀ।