ਮੱਕਾ ਮਸਜਿਦ 'ਤੇ ਟਿੱਡਿਆਂ ਦਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਊਦੀ ਅਰਬ 'ਚ ਇਸਲਾਮ ਦੇ ਸਭ ਤੋਂ ਪਵਿੱਤਰ ਸਥਾਨ ਮੰਨੇ ਜਾਣ ਵਾਲੇ ਮੱਕਾ ਦੀ ਗ੍ਰੈਂਡ ਮਸਜਿਦ 'ਚ ਟਿੱਡਿਆਂ ਨੇ ਹਮਲਾ ਕਰ ਦਿਤਾ.......

locust attack on the Mecca Masjid

ਦੁਬਈ : ਸਾਊਦੀ ਅਰਬ 'ਚ ਇਸਲਾਮ ਦੇ ਸਭ ਤੋਂ ਪਵਿੱਤਰ ਸਥਾਨ ਮੰਨੇ ਜਾਣ ਵਾਲੇ ਮੱਕਾ ਦੀ ਗ੍ਰੈਂਡ ਮਸਜਿਦ 'ਚ ਟਿੱਡਿਆਂ ਨੇ ਹਮਲਾ ਕਰ ਦਿਤਾ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਹਫ਼ਤੇ ਦੀ ਸ਼ੁਰੂਆਤ 'ਚ ਗ੍ਰੈਂਡ ਮਸਜਿਦ 'ਚ ਨਮਾਜ਼ ਪੜਨ ਵਾਲਿਆਂ ਨੂੰ ਟਿੱਡੇ ਵੱਡੀ ਗਿਣਤੀ ਚਿੰਬੜ ਗਏ। ਸਥਾਨਕ ਅਧਿਕਾਰੀ ਗੰਦਗੀ ਨੂੰ ਸਾਫ਼ ਕਰਨ ਲਈ ਸੰਘਰਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਜ਼ਿਆਦਾ ਰੌਸ਼ਨੀ ਵਾਲੀਆਂ ਥਾਵਾਂ ਤੇ ਸੰਗਮਰਮਰ ਦੇ ਫਰਸ਼ 'ਤੇ ਵੱਡੀ ਗਿਣਤੀ 'ਚ ਟਿੱਡੇ ਮੰਡਰਾਉਂਦੇ ਦਿੱਖ ਰਹੇ ਹਨ। ਸ਼ਹਿਰ ਦੇ ਅਧਿਕਾਰੀ ਉਨ੍ਹਾਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। 

ਮੱਕਾ ਨਗਰ ਨਿਗਮ ਨੇ ਇਕ ਬਿਆਨ ਜਾਰੀ ਕਰ ਕਿਹਾ ਹੈ ਕਿ ਉਸ ਨੇ 22 ਟੀਮਾਂ ਨੂੰ ਟਿੱਡਿਆਂ ਦਾ ਮੁਕਾਬਲਾ ਕਰਨ ਲਈ ਲਗਾਇਆ ਹੈ। ਟੀਮ 'ਚ ਸ਼ਾਮਲ 138 ਵਿਅਕਤੀ 111 ਉਪਕਰਨਾਂ ਨਾਲ ਪਵਿੱਤਰ ਮਸਜਿਦ ਦੀ ਸਫਾਈ ਕਰਨ 'ਚ ਲੱਗੇ ਹੋਏ ਹਨ। ਟੀਮਾਂ ਨੇ ਵਿਸ਼ੇਸ਼ ਰੂਪ 'ਚ ਸਾਫ ਥਾਵਾਂ, ਪਾਣੀ ਦੀਆਂ ਨਾਲੀਆਂ ਸਣੇ ਟਿੱਡਿਆਂ ਦੇ ਪ੍ਰਜਨਨ ਵਾਲੀਆਂ ਥਾਵਾਂ ਨੂੰ ਟਾਰਗੇਟ ਕੀਤਾ ਹੈ। ਨਗਰ ਪਾਲਿਕਾ ਨੇ ਕਿਹਾ ਹੈ ਕਿ ਉਹ ਮਹਿਮਾਨਾਂ ਦੀ ਸੁਰੱਖਿਆ ਦੇ ਲਈ ਟਿੱਡਿਆਂ ਨੂੰ ਖਤਮ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ।

ਕਿੰਗ ਸਾਊਦ ਯੂਨੀਵਰਸਿਟੀ 'ਚ ਫੈਕਿਲਟੀ ਆਫ ਫੂਡ ਐਂਡ ਐਗਰੀਕਲਚਰ ਸਾਈਂਸ ਦੇ ਮੁਖੀ ਹਜ਼ਲ ਬਿਨ ਮੁਹੰਮਦ ਅਲ-ਜ਼ਫਰ ਨੇ ਦਸਿਆ ਕਿ ਇਨ੍ਹਾਂ ਟਿੱਡਿਆਂ ਨਾਲ ਮਨੁੱਖਾਂ ਨੂੰ ਕੋਈ ਬੀਮਾਰੀ ਨਹੀਂ ਹੁੰਦੀ ਤੇ ਨਾ ਹੀ ਇਹ ਇਨਸਾਨਾਂ ਨੂੰ ਵੱਡਦੇ ਹਨ। ਜ਼ਫਰ ਨੇ ਦਸਿਆ ਕਿ ਟਿੱਡਿਆਂ ਦੇ ਝੁੰਡ ਦਾ ਉਥੇ ਆਉਣਾ ਇਕ ਕੁਦਰਤੀ ਘਟਨਾ ਸੀ, ਜੋ ਕਿ ਹਾਲ 'ਚ ਹੋਈ ਵਰਖਾ ਕਾਰਨ ਹੋਈ ਹੈ।

ਉਨ੍ਹਾਂ ਨੇ ਅਨੁਮਾਨ ਲਾਇਆ ਕਿ ਲਗਭਗ 30 ਹਜ਼ਾਰ ਟਿੱਡਿਆਂ ਨੇ ਮੱਕਾ 'ਤੇ ਹਮਲਾ ਕੀਤਾ ਸੀ। ਹਾਲਾਂ ਕਿ ਸੋਸ਼ਲ ਮੀਡੀਆ ਯੂਜ਼ਰਸ ਨੇ ਲਿੱਖਿਆ ਹੈ ਕਿ ਇਸ ਤਰ੍ਹਾਂ ਦੀ ਘਟਨਾ ਦੇ ਧਾਰਮਿਕ ਅਰਥ ਹਨ। ਟਿੱਡਿਆਂ ਨੂੰ ਸਾਰੇ ਅਬ੍ਰਾਹਮਿਕ ਰਸਮ 'ਚ ਦੈਵਿਕ ਸਜ਼ਾ ਦਾ ਇਕ ਰੂਪ ਦੱਸਿਆ ਗਿਆ ਹੈ, ਜਿਸ 'ਚ ਯਹੂਦੀ ਧਰਮ, ਈਸਾਈ ਧਰਮ ਤੇ ਇਸਲਾਮ ਸ਼ਾਮਲ ਹਨ। (ਏਜੰਸੀਆਂ)