ਰਾਹੁਲ ਵਲੋਂ ਸ਼ਾਰਜਾਹ ਦੇ ਸ਼ਾਸਕ ਨਾਲ ਮੁਲਾਕਾਤ, ਵੱਖ-ਵੱਖ ਮੁੱਦਿਆਂ 'ਤੇ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਾਰਜਾਹ ਦੇ ਸ਼ਾਸਕ ਸੁਲਤਾਨ ਬਿਨ ਮੁਹੰਮਦ ਅਲ ਕਾਸਿਮੀ ਨਾਲ ਅੱਜ ਮੁਲਾਕਾਤ ਕੀਤੀ.......

Rahul Gandhi

ਸ਼ਾਰਜਾਹ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਾਰਜਾਹ ਦੇ ਸ਼ਾਸਕ ਸੁਲਤਾਨ ਬਿਨ ਮੁਹੰਮਦ ਅਲ ਕਾਸਿਮੀ ਨਾਲ ਅੱਜ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧ ਮਜ਼ਬੂਤ ਬਣਾਉਣ ਸਮੇਤ ਵੱਖ ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ। ਰਾਹੁਲ ਗਾਂਧੀ ਦੋ ਦਿਨ ਦੇ ਯੂਏਈ ਦੌਰੇ 'ਤੇ ਹਨ। ਉਨ੍ਹਾਂ ਦੇਸ਼ ਦੇ ਚੋਟੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਭਾਰਤੀਆਂ ਨੂੰ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਉਦਯੋਗਪਤੀਆਂ ਅਤੇ ਵਿਦਿਆਰਥੀਆਂ ਨਾਲ ਵੀ ਵਿਚਾਰਾਂ ਕੀਤੀਆਂ। ਦੇਸ਼ ਮੁੜਨ ਤੋਂ ਪਹਿਲਾਂ ਉਨ੍ਹਾਂ ਸ਼ਾਰਜਾਹ ਦੇ ਸ਼ਾਸਕ ਨਾਲ ਬੈਠਕ ਕੀਤੀ।

ਕਾਂਗਰਸ ਪ੍ਰਧਾਨ ਨੇ ਟਵਿਟਰ 'ਤੇ ਦਸਿਆ, 'ਸ਼ਾਰਜਾਹ ਦੇ ਸ਼ਾਸਕ ਸੁਲਤਾਨ ਬਿਨ ਮੁਹੰਮਦ ਅਲ ਕਾਸਿਮੀ ਨੂੰ ਮਿਲ ਕੇ ਖ਼ੁਸ਼ੀ ਹੋਈ। ਅਸੀਂ ਵੱਖ ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ। ਮੈਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਨਾਲ ਕੰਮ ਕਰਨਾ ਚਾਹਾਂਗਾ।' ਰਾਹੁਲ ਨੇ ਸ਼ੁਕਰਵਾਰ ਨੂੰ ਯੂਏਈ ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨਾਲ 'ਸ਼ਾਨਦਾਰ' ਮੁਲਾਕਾਤ ਕੀਤੀ ਸੀ। 

ਇਸ ਦੌਰਾਨ ਉਨ੍ਹਾਂ ਦੁਬਈ ਦੇ ਸ਼ਾਸਕ ਨੂੰ ਭਰੋਸਾ ਦਿਵਾਇਆ ਕਿ ਉਹ ਮਜ਼ਬੂਤ ਦੁਵੱਲੇ ਸਬੰਧਾਂ ਲਈ ਪ੍ਰਤੀਬੱਧ ਹੈ। ਇਸ ਤੋਂ ਪਹਿਲਾਂ ਰਾਹੁਲ ਨੇ ਭਾਰਤੀ ਕਾਮਿਆਂ ਨੂੰ ਸੰਬੋਧਨ ਕੀਤਾ ਅਤੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ। ਰਾਹੁਲ ਨੇ ਇੰਡੀਅਨ ਬਿਜ਼ਨਸ ਐਂਡ ਪ੍ਰੋਫ਼ੈਸ਼ਨਲ ਕਾਊਂਸਲ ਤੇ ਪੰਜਾਬੀਆਂ ਦੇ ਪ੍ਰਤੀਨਿਧਾਂ ਨਾਲ ਵੀ ਮੁਲਾਕਾਤ ਕੀਤੀ। (ਏਜੰਸੀ)