ਭਾਰਤੀ ਮੂਲ ਦੇ ਵਿਅਕਤੀ ਨੂੰ ਟਰੱਕ ਨੇ ਦਰੜਿਆ, ਹੋਈ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਭਾਰਤੀ ਮੂਲ ਦੇ ਇਕ 30 ਸਾਲਾ ਵਿਅਕਤੀ ਦੀ ਟ੍ਰੇਲਰ ਟਰੱਕ ਨਾਲ ਦਰੜੇ ਜਾਣ ਮਗਰੋਂ ਮੌਤ ਹੋ ਗਈ.....

The truck hit an Indian-origin man

ਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ ਮੂਲ ਦੇ ਇਕ 30 ਸਾਲਾ ਵਿਅਕਤੀ ਦੀ ਟ੍ਰੇਲਰ ਟਰੱਕ ਨਾਲ ਦਰੜੇ ਜਾਣ ਮਗਰੋਂ ਮੌਤ ਹੋ ਗਈ। ਇਕ ਅਖਬਾਰ ਮੁਤਾਬਕ ਇਹ ਹਾਦਸਾ ਬੀਤੇ ਮੰਗਲਵਾਰ ਨੂੰ ਵਾਪਰਿਆ। ਜਾਣਕਾਰੀ ਮੁਤਾਬਕ ਨੀਲ ਪਟੇਲ ਨੇ ਸ਼ੌਰਟ ਕੱਟ ਲੈਣ ਦੀ ਕੋਸ਼ਿਸ਼ ਵਿਚ ਟ੍ਰੇਲਰ ਟਰੱਕ ਹੇਠੋਂ ਲੰਘਣ ਦੀ ਕੋਸ਼ਿਸ਼ ਕੀਤੀ ਸੀ। ਨਿਊਜਰਸੀ ਦੇ ਪ੍ਰਿੰਸਟਨ ਦੇ ਵਸਨੀਕ ਨੀਲ ਪਟੇਲ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਨਿਊ ਬਰੂਨਸਵਿਕ ਵਿਚ ਰੌਬਰਟ ਵੁੱਡ ਜੌਨਸਨ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਸਨਿਚਰਵਾਰ ਨੂੰ ਉਸ ਨੇ ਦਮ ਤੋੜ ਦਿਤਾ।  

ਪੁਲਿਸ ਮੁਤਾਬਕ ਪਟੇਲ ਅਤੇ ਉਸ ਦਾ ਦੋਸਤ ਨਿਊ ਜਰਸੀ ਵਿਚ ਵਿਕ ਪਲਾਜ਼ਾ ਤੋਂ ਨਿਕਲੇ ਅਤੇ ਰੂਟ 1 ਦੇ ਪਾਰ ਸਥਾਨਕ ਮੋਟਲ ਗਲੋਬਲ ਇਨ ਵਲ ਵਧੇ। ਉੱਥੇ ਪਟੇਲ ਨੇ ਸ਼ੌਰਟ ਕੱਟ ਲੈਣ ਲਈ ਪਾਰਕ ਕੀਤੇ ਗਏ ਟ੍ਰੇਲਰ ਟਰੱਕ ਦੇ ਹੇਠੋਂ ਦੀ ਲੰਘਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਉਸ ਦੇ ਦੋਸਤ ਨੇ ਅਜਿਹਾ ਨਹੀਂ ਕੀਤਾ ਅਤੇ ਤੁਰਦਾ ਹੋਇਆ ਦੂਜੇ ਪਾਸੇ ਜਾਣ ਲੱਗਾ। ਟ੍ਰੇਲਰ ਦਾ ਡਰਾਈਵਰ ਇਸ ਗੱਲ ਤੋਂ ਅਣਜਾਣ ਸੀ ਕਿ ਟਰੱਕ ਹੇਠੋਂ ਕੋਈ ਲੰਘਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਗੱਡੀ ਚਾਲੂ ਕੀਤੀ ਅਤੇ ਚਲਾਉਣੀ ਸ਼ੁਰੂ ਕੀਤੀ।

ਪਟੇਲ 10 ਫੁੱਟ ਦੀ ਦੂਰੀ ਤੱਕ ਗੱਡੀ ਦੇ ਟਾਇਰਾਂ ਨਾਲ ਘਿਸਰਦਾ ਗਿਆ। ਜਾਣਕਾਰੀ ਮੁਤਾਬਕ ਪਟੇਲ ਦੇ ਦੋਸਤ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਗੱਡੀ ਦੇ ਡਰਾਈਵਰ 'ਤੇ ਹਾਦਸੇ ਦੇ ਸਬੰਧ ਵਿਚ ਕੋਈ ਦੋਸ਼ ਨਹੀਂ ਲਗਾਏ ਗਏ।  
(ਪੀਟੀਆਈ)