Modi meets Trump: ਮੋਦੀ ਦੀ ਮੌਜੂਦਗੀ ’ਚ ਟਰੰਪ ਦਾ ਵੱਡਾ ਐਲਾਨ, ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਨੂੰ ਦਿਤੀ ਮੰਜ਼ੂਰੀ
Modi meets Trump: ਭਾਰਤ ਤੇ ਅਮਰੀਕਾ ਮਿਲ ਕੇ ਦੁਨੀਆਂ ਭਰ ’ਚ ਫੈਲੇ ਇਸਲਾਮਿਕ ਅਤਿਵਾਦੀ ਦਾ ਮੁਕਾਬਲਾ ਕਰਨਗੇ : ਟਰੰਪ
ਮੁੰਬਈ ਹਮਲੇ ਦਾ ਦੋਸ਼ੀ ਰਾਣਾ ਇਸ ਸਮੇਂ ਲਾਸ ਏਂਜਲਸ ਦੀ ਜੇਲ ’ਚ ਹੈ ਬੰਦ
Modi meets Trump: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਰਾਤ ਨੂੰ 2008 ਦੇ ਮੁੰਬਈ ਅਤਿਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਸ ਨੂੰ ਭਾਰਤ ਵਿਚ ਨਿਆਂ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਨੇ ਵ੍ਹਾਈਟ ਹਾਊਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ’ਚ ਇਹ ਐਲਾਨ ਕੀਤਾ। ਟਰੰਪ ਨੇ ਕਿਹਾ, ‘‘ਮੈਨੂੰ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਮੇਰੀ ਸਰਕਾਰ ਨੇ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ ਅਤੇ ਦੁਨੀਆਂ ਦੇ ਸਭ ਤੋਂ ਮਾੜੇ ਵਿਅਕਤੀ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿਤੀ ਹੈ, ਤਾਕਿ ਉਹ ਭਾਰਤ ਵਿਚ ਨਿਆਂ ਦਾ ਸਾਹਮਣਾ ਕਰ ਸਕੇ। ਉਹ ਹੁਣ ਭਾਰਤ ਵਾਪਸ ਆ ਰਿਹਾ ਹੈ, ਜਿੱਥੇ ਉਸਨੂੰ ਨਿਆਂ ਦਾ ਸਾਹਮਣਾ ਕਰਨਾ ਪਵੇਗਾ।’’
ਭਾਰਤ ਲੰਮੇ ਸਮੇਂ ਤੋਂ ਰਾਣਾ ਦੀ ਹਵਾਲਗੀ ਦੀ ਮੰਗ ਕਰ ਰਿਹਾ ਸੀ। ਰਾਣਾ ਇਸ ਸਮੇਂ ਲਾਸ ਏਂਜਲਸ ਦੀ ਜੇਲ ਵਿਚ ਬੰਦ ਹੈ। ਉਹ ਕੈਨੇਡੀਅਨ ਨਾਗਰਿਕ ਹੈ ਅਤੇ ਪਾਕਿਸਤਾਨੀ ਮੂਲ ਦਾ ਹੈ। ਉਹ ਪਾਕਿਸਤਾਨੀ-ਅਮਰੀਕੀ ਅਤਿਵਾਦੀ ਡੇਵਿਡ ਕੋਲਮੈਨ ਹੈਡਲੀ ਨਾਲ ਜੁੜਿਆ ਹੋਇਆ ਹੈ, ਜੋ 26/11 ਹਮਲੇ ਦਾ ਮੁੱਖ ਦੋਸ਼ੀ ਸੀ। ਰਾਣਾ ’ਤੇ ਦੋਸ਼ ਹੈ ਕਿ ਉਸ ਨੇ ਹੈਡਲੀ ਅਤੇ ਪਾਕਿਸਤਾਨ ’ਚ ਹੋਰ ਅਤਿਵਾਦੀਆਂ ਨੂੰ ਲਸ਼ਕਰ-ਏ-ਤੋਇਬਾ ਅਤਿਵਾਦੀ ਸੰਗਠਨ ਦੁਆਰਾ ਹਮਲੇ ਨੂੰ ਅੰਜਾਮ ਦੇਣ ਲਈ ਮਦਦ ਕੀਤੀ ਸੀ।
ਟਰੰਪ ਨੇ ਕਿਹਾ, ‘‘ਭਾਰਤ ਅਤੇ ਅਮਰੀਕਾ ਇਕੱਠੇ ਮਿਲ ਕੇ ਦੁਨੀਆ ਭਰ ਵਿਚ ਕੱਟੜਪੰਥੀ ਇਸਲਾਮਿਕ ਅਤਿਵਾਦ ਦੇ ਖਤਰੇ ਦਾ ਮੁਕਾਬਲਾ ਕਰਨਗੇ ਜਿਵੇਂ ਪਹਿਲਾਂ ਕਦੇ ਨਹੀਂ ਹੋਇਆ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਦਾ ਧਨਵਾਦ ਕੀਤਾ ਅਤੇ ਅਤਿਵਾਦ ਨਾਲ ਲੜਨ ਲਈ ਭਾਰਤ ਦੇ ਸਹਿਯੋਗ ਦੀ ਗੱਲ ਕੀਤੀ। ਮੋਦੀ ਨੇ ਕਿਹਾ, ‘‘ਅਸੀਂ ਅਤਿਵਾਦ ਨਾਲ ਲੜਨ ’ਚ ਸਹਿਯੋਗ ਕਰਾਂਗੇ। ਸਰਹੱਦ ਪਾਰ ਅਤਿਵਾਦ ਵਿਰੁਧ ਸਖ਼ਤ ਕਾਰਵਾਈ ਦੀ ਲੋੜ ਹੈ। ਰਾਸ਼ਟਰਪਤੀ ਟਰੰਪ ਦਾ ਧਨਵਾਦ ਕਰਦੇ ਹੋਏ ਮੈਂ ਕਹਿੰਦਾ ਹਾਂ ਕਿ 26/11 ਦੇ ਅਤਿਵਾਦੀ ਤਹੱਵੁਰ ਰਾਣਾ ਦੀ ਹਵਾਲਗੀ ਦਾ ਫ਼ੈਸਲਾ ਕੀਤਾ ਗਿਆ ਹੈ। ਸਾਡੀਆਂ ਅਦਾਲਤਾਂ ਉਸ ਨੂੰ ਇਨਸਾਫ਼ ਦਿਵਾਉਣਗੀਆਂ।’’