ਕੈਨੇਡਾ ਪੁੱਜਣੇ ਸ਼ੁਰੂ ਹੋਏ ਅਫ਼ਗਾਨਿਸਤਾਨ ਦੇ ਹਿੰਦੂ-ਸਿੱਖ ਪਰਿਵਾਰ
ਅਫ਼ਗਾਨਿਸਤਾਨ ਤੋਂ ਹਿੰਦੂ-ਸਿੱਖ ਪਰਿਵਾਰਾਂ ਦੀ ਕੈਨੇਡਾ ਵਿਚ ਆਮਦ ਸ਼ੁਰੂ ਹੋ ਗਈ ਹੈ। ਫਾਊਂਡੇਸ਼ਨ ਵਲੋਂ ਸਪਾਂਸਰ ਕੀਤੇ ਅਫ਼ਗਾਨੀ ਪਰਿਵਾਰਾਂ 'ਚੋਂ ਦੋ ਪਰਿਵਾਰ ਕੈਲਗਰੀ ਆਏ ਹਨ।
ਕੈਲਗਰੀ : ਅਫ਼ਗਾਨਿਸਤਾਨ ਵਿਚਲੇ ਹਿੰਦੂ-ਸਿੱਖ ਪਰਿਵਾਰਾਂ ਨੂੰ ਲੈ ਕੇ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਦੀ ਮਿਹਨਤ ਰੰਗ ਲਿਆ ਰਹੀ ਹੈ ਕਿਉਂਕਿ ਅਫ਼ਗਾਨਿਸਤਾਨ ਤੋਂ ਹਿੰਦੂ-ਸਿੱਖ ਪਰਿਵਾਰਾਂ ਦੀ ਕੈਨੇਡਾ ਵਿਚ ਆਮਦ ਸ਼ੁਰੂ ਹੋ ਗਈ ਹੈ। ਫਾਊਂਡੇਸ਼ਨ ਵਲੋਂ ਸਪਾਂਸਰ ਕੀਤੇ ਅਫ਼ਗਾਨੀ ਪਰਿਵਾਰਾਂ ਵਿਚੋਂ ਦੋ ਪਰਿਵਾਰ ਅਪਣੇ 9 ਪਰਿਵਾਰਕ ਮੈਂਬਰਾਂ ਸਮੇਤ ਕੈਲਗਰੀ ਪੁੱਜ ਗਏ ਹਨ।
ਕੈਲਗਰੀ ਹਵਾਈ ਅੱਡੇ 'ਤੇ ਪੰਜਾਬੀ ਭਾਈਚਾਰੇ ਅਤੇ ਕੈਨੇਡਾ ਸਰਕਾਰ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਫਾਊਂਡੇਸ਼ਨ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਘਰ ਕਿਰਾਏ 'ਤੇ ਲਏ ਗਏ ਹਨ, ਜਿਨ੍ਹਾਂ ਵਿਚ ਲੋੜੀਂਦਾ ਸਾਰਾ ਸਾਮਾਨ ਲਿਆ ਕੇ ਪਹਿਲਾਂ ਹੀ ਰੱਖ ਦਿਤਾ ਗਿਆ ਹੈ। ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਲੋਂ ਇਨ੍ਹਾਂ ਪਰਿਵਾਰਾਂ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ।
ਕੈਨੇਡਾ ਸਰਕਾਰ ਵਲੋਂ ਇਨ੍ਹਾਂ ਪਰਿਵਾਰਾਂ ਨੂੰ ਪਹਿਲੇ ਦਿਨ ਤੋਂ ਹੀ ਮੁਫ਼ਤ ਮੈਡੀਕਲ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਹੈ ਜਦਕਿ ਬਾਕੀ ਸਾਰੀ ਸਹਾਇਤਾ ਫਾਊਂਡੇਸ਼ਨ ਵਲੋਂ ਕੀਤੀ ਜਾਵੇਗੀ। ਫਾਊਂਡੇਸ਼ਨ ਵਲੋਂ ਇਨ੍ਹਾਂ ਪਰਿਵਾਰਾਂ ਦੀ ਦੇਖਰੇਖ ਵਾਸਤੇ ਇਕ ਸਾਲ ਦਾ ਜ਼ਿੰਮਾ ਲਿਆ ਗਿਆ ਹੈ। ਜਿਸ ਦੌਰਾਨ ਉਨ੍ਹਾਂ ਨੂੰ ਕੰਮ ਲੱਭ ਕੇ ਦਿਤਾ ਜਾਵੇਗਾ ਅਤੇ ਅੰਗਰੇਜ਼ੀ ਭਾਸ਼ਾ ਸਿਖਾਈ ਜਾਵੇਗੀ।
ਮਨਮੀਤ ਭੁੱਲਰ ਫਾਊਂਡੇਸ਼ਨ, ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਸਰਕਾਰ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦੇ ਯਤਨਾਂ ਨਾਲ ਇਨ੍ਹਾਂ ਹਿੰਦੂ-ਸਿੱਖਾਂ ਦੇ ਕੁੱਲ 64 ਪਰਿਵਾਰਾਂ ਦੇ 300 ਮੈਂਬਰਾਂ ਨੂੰ ਅਫ਼ਗਾਨਿਸਤਾਨ ਦੇ ਹੈਲਮੰਡ ਸੂਬੇ ਵਿਚੋਂ ਕੈਨੇਡਾ ਲਿਆਂਦਾ ਜਾ ਰਿਹਾ ਹੈ।
ਸਵਰਗਵਾਸੀ ਮਨਮੀਤ ਸਿੰਘ ਭੁੱਲਰ ਸਾਲ 2008 ਵਿਚ ਪਹਿਲੀ ਵਾਰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਬਣੇ ਸਨ ਅਤੇ ਸਾਲ 2011 ਵਿਚ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਸੀ। ਸਾਲ 2015 ਵਿਚ ਉਨ੍ਹਾਂ ਦੀ ਪਾਰਟੀ ਭਾਵੇਂ ਚੋਣ ਹਾਰ ਗਈ ਸੀ, ਪਰ ਉਹ ਕੈਲਗਰੀ ਤੋਂ ਵਿਧਾਇਕ ਬਣੇ ਸਨ। ਉਸੇ ਸਾਲ ਨਵੰਬਰ ਵਿਚ ਇਕ ਸੜਕ ਹਾਦਸੇ ਵਿਚ ਮਨਮੀਤ ਸਿੰਘ ਭੁੱਲਰ ਦਾ ਸਿਰਫ਼ 35 ਵਰ੍ਹਿਆਂ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ।
ਆਪਣੀ ਮੌਤ ਤੋਂ ਪਹਿਲਾਂ ਉਨ੍ਹਾਂ ਨੇ ਅਫ਼ਗਾਨਿਸਤਾਨ ਵਿਚ ਫਸੇ ਬੈਠੇ ਇਨ੍ਹਾਂ ਹਿੰਦੂ-ਸਿੱਖ ਪਰਿਵਾਰਾਂ ਦੀ ਬਾਂਹ ਫੜਨ ਦਾ ਫ਼ੈਸਲਾ ਕੀਤਾ ਸੀ। ਭਾਰਤ ਸਰਕਾਰ, ਯੂਨਾਈਟਿਡ ਨੇਸ਼ਨਜ਼ ਅਤੇ ਕੈਨੇਡਾ ਸਰਕਾਰ ਨਾਲ ਤਾਲਮੇਲ ਬਣਾਉਂਦਿਆਂ ਮਨਮੀਤ ਸਿੰਘ ਭੁੱਲਰ ਪਹਿਲਾ ਇਨ੍ਹਾਂ ਪਰਿਵਾਰਾਂ ਨੂੰ ਭਾਰਤ ਲੈ ਕੇ ਗਏ, ਫਿਰ ਉਨ੍ਹਾਂ ਨੂੰ ਯੂਐੱਨਆਈ ਸਾਹਮਣੇ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਕੈਨੇਡਾ ਲਿਆਉਣ ਦੇ ਯਤਨ ਆਰੰਭ ਕੀਤੇ ਸਨ।
ਦੱਸ ਦਈਏ ਕਿ ਅਫ਼ਗਾਨਿਸਤਾਨ ਵਿਚ ਸਦੀਆਂ ਤੋਂ ਰਹਿੰਦੇ ਆ ਰਹੇ ਹਿੰਦੂ-ਸਿੱਖ ਪਰਿਵਾਰਾਂ ਦਾ ਹੁਣ ਉੱਥੇ ਰਹਿ ਸਕਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਅਤੇ ਅਤਿਵਾਦ ਨੇ ਨਾ ਹੀ ਕੇਵਲ ਉਨ੍ਹਾਂ ਦਾ ਰਹਿਣਾ ਮੁਸ਼ਕਲ ਕੀਤਾ ਹੈ ਸਗੋਂ ਉਨ੍ਹਾਂ ਦੇ ਕਾਰੋਬਾਰ ਵੀ ਤਬਾਹ ਕਰ ਦਿੱਤਾ ਹੈ। ਔਰਤਾਂ ਪਰਦੇ ਹੇਠ ਰਹਿਣ ਲਈ ਅਤੇ ਲੜਕੀਆਂ ਸਕੂਲਾਂ ਵਿਚ ਨਾ ਜਾਣ ਲਈ ਮਜਬੂਰ ਹਨ। ਅਜਿਹੇ ਵਿਚ ਇਨ੍ਹਾਂ ਪਰਿਵਾਰਾਂ ਦੀ ਕੈਲਗਰੀ ਆਧਾਰਤ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਨੇ ਬਾਂਹ ਫੜੀ ਹੈ।