ਅਮਰੀਕਾ-ਬ੍ਰਿਟੇਨ ਅਤੇ ਫ਼ਰਾਂਸ ਨੇ ਸੀਰੀਆ 'ਤੇ ਸ਼ੁਰੂ ਕੀਤੇ ਹਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਐਲਾਨ ਕੀਤਾ ਕਿ ਅਮਰੀਕਾ, ਬ੍ਰਿਟੇਨ ਅਤੇ ਫ਼ਰਾਂਸ ਨੇ ਸੀਰੀਆ ਵਿਚ ਬਸ਼ਰ ਅਲ ਅਸਦ ...

United States-Britain and France attacks on Syria

ਬੇਰੂਤ-ਵਾਸ਼ਿੰਗਟਨ :ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਐਲਾਨ ਕੀਤਾ ਕਿ ਅਮਰੀਕਾ, ਬ੍ਰਿਟੇਨ ਅਤੇ ਫ਼ਰਾਂਸ ਨੇ ਸੀਰੀਆ ਵਿਚ ਬਸ਼ਰ ਅਲ ਅਸਦ ਸਰਕਾਰ ਵਿਰੁਧ ਫ਼ੌਜੀ ਹਮਲੇ ਸ਼ੁਰੂ ਕੀਤੇ। ਟਰੰਪ ਨੇ ਯੁੱਧਗ੍ਰਸਤ ਦੇਸ਼ 'ਤੇ ਅਪਣੇ ਹੀ ਲੋਕਾਂ ਦੇ ਵਿਰੁਧ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹਵਾਈ ਹਮਲਿਆਂ ਦਾ ਐਲਾਨ ਕਰਨ ਤੋਂ ਬਾਅਦ ਸੀਰੀਆ ਦੀ ਰਾਜਧਾਨੀ ਅੱਜ ਸਵੇਰੇ ਵੱਡੇ ਧਮਾਕਿਆਂ ਨਾਲ ਗੂੰਜ ਉਠੀ ਅਤੇ ਅਸਮਾਨ ਵਿਚ ਇਨ੍ਹਾਂ ਧਮਾਕਿਆਂ ਕਾਰਨ ਸੰਘਣਾ ਧੂੰਆਂ ਛਾ ਗਿਆ। ਟਰੰਪ ਨੇ ਹਮਲੇ ਦਾ ਹੁਕਮ ਸੀਰੀਆ ਵਿਚ ਹੋਏ ਰਸਾਇਣਕ ਹਮਲਿਆਂ ਦੌਰਾਨ ਕਰੀਬ 40 ਲੋਕਾਂ ਦੀ ਮੌਤ ਤੋਂ ਬਾਅਦ ਦਿਤਾ ਸੀ। 

ਸੀਰੀਆ ਦੀ ਹਵਾਈ ਰੱਖਿਆ ਸੇਵਾ ਨੇ ਅਮਰੀਕਾ, ਫ਼ਰਾਂਸ ਅਤੇ ਬ੍ਰਿਟੇਨ ਦੇ ਇਨ੍ਹਾਂ ਸਾਂਝੇ ਹਮਲਿਆਂ ਦਾ ਜਵਾਬ ਵੀ ਦਿਤਾ। ਸੀਰੀਆਈ ਸਰਕਾਰੀ ਟੈਲੀਵਿਜ਼ਨ ਨੇ ਟੈਲੀਵੀਜ਼ਨ ਨੇ ਦਿਖਾਇਆ ਕਿ ਵਿਗਿਆਨ ਖੋਜ ਕੇਂਦਰ 'ਤੇ ਹਮਲਾ ਹੋਇਆ ਅਤੇ ਸੀਰੀਆ ਦੀ ਹਵਾਈ ਰੱਖਿਆ ਨੇ ਦਖਣੀ ਦਮਿਸ਼ਕ ਵਲੋਂ ਆ ਰਹੇ 13 ਰਾਕਟਾਂ ਨੂੰ ਹਵਾ ਵਿਚ ਹੀ ਨਾਕਾਮ ਕਰ ਦਿਤਾ। ਹਮਲੇ ਤੋਂ ਬਾਅਦ ਸੀਰੀਆ ਦੇ ਰਾਸ਼ਟਰਪਤੀ ਨੇ ਟਵੀਟ ਕੀਤਾ, ‘‘ਚੰਗੇ ਲੋਕਾਂ ਨੂੰ ਅਪਮਾਨਿਤ ਨਹੀਂ ਕੀਤਾ ਜਾਵੇਗਾ। ’’ ਸੀਰੀਆਈ ਸਰਕਾਰੀ ਟੀਵੀ ਨੇ ਕਿਹਾ ਕਿ ''ਹਮਲੇ ਅੰਤਰਰਾਸ਼ਟਰੀ ਕਾਨੂੰਨ ਦਾ ਸਿੱਧਾ-ਸਿੱਧਾ ਉਲੰਘਣ ਹਨ।’’ 

ਟਰੰਪ ਨੇ ਸ਼ੁਕਰਵਾਰ ਰਾਤ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਰਸਾਇਣਕ ਹਮਲੇ ਲਈ ਸਜ਼ਾ ਦੇਣ ਅਤੇ ਉਨ੍ਹਾਂ ਨੂੰ ਅਜਿਹਾ ਦੁਬਾਰਾ ਕਰਨ ਤੋਂ ਰੋਕਣ ਲਈ ਫ਼ੌਜੀ ਹਮਲਾ ਕਰਨ ਦਾ ਐਲਾਨ ਕੀਤਾ ਸੀ। ਸੀਰੀਆ ਸਰਕਾਰ ਲਗਾਤਾਰ ਪਬੰਦੀਸ਼ੁਦਾ ਹਥਿਆਰਾਂ ਦੀ ਵਰਤੋਂ ਕਰਨ ਦੀ ਗੱਲ ਨੂੰ ਨਕਾਰ ਰਹੀ ਹੈ। ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਹਵਾਈ ਹਮਲਿਆਂ ਵਿਚ ਅਮਰੀਕੀ ਹਾਰ ਦੀ ਕੋਈ ਰਿਪੋਰਟ ਨਹੀਂ ਹੈ।

ਉਨ੍ਹਾਂ ਨੇ ਅੱਗੇ ਹੋਰ ਹਮਲਾ ਕਰਨ ਦੀ ਸੰਭਾਵਨਾ ਨੂੰ ਖ਼ਾਰਜ ਕੀਤੇ ਬਿਨਾਂ ਕਿਹਾ, ‘‘ਫਿ਼ਲਹਾਲ ਇਹ ਪਹਿਲਾ ਹਮਲਾ ਹੈ।’’ ਮੈਟਿਸ ਨੇ ਕਿਹਾ ਕੇ ਰਸਾਇਣਿਕ ਹਥਿਆਰ ਬਣਾਉਣ ਵਿਚ ਅਸਦ ਦੇ ਮਦਦਗਾਰ ਸਾਰੇ ਸਥਾਨਾਂ 'ਤੇ ਹਮਲਾ ਕੀਤਾ ਗਿਆ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਹਮਲੇ ਦੇ ਪ੍ਰਭਾਵਾਂ ਦੀ ਸਮੀਖਿਆ ਕਰਨੀ ਬਾਕੀ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਮਲਾ ਨਾ ਤਾਂ ''ਗ੍ਰਹਿ ਯੁੱਧ ਵਿਚ ਦਖ਼ਲਅੰਦਾਜ਼ੀ'' ਲਈ ਹੈ ਅਤੇ ਨਾ ਹੀ ‘‘ਸ਼ਾਸ਼ਨ ਵਿਚ ਬਦਲਾਅ’’ ਲਈ ਹੈ। 

ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਸਾਂਝੀ ਕਾਰਵਾਈ ਦਾ ਮਕਸਦ ਰਸਾਇਣਕ ਹਥਿਆਰਾਂ ਦੇ ਉਤਪਾਦਨ, ਪ੍ਰਸਾਰ ਅਤੇ ਵਰਤੋਂ ਵਿਰੁਧ ਮਜ਼ਬੂਤ ਵਿਰੋਧੀ ਤੰਤਰ ਸਥਾਪਿਤ ਕਰਨਾ ਹੈ। ਸੀਰੀਆ ਦੇ ਡੂਮਾ ਵਿਚ ਪਿਛਲੇ ਹਫ਼ਤੇ ਦੇ ਅੰਤ ਵਿਚ ਜ਼ਹਿਰੀਲੀ ਗੈਸ ਹਮਲੇ ਵਿਚ ਕਈ ਲੋਕ ਮਾਰੇ ਗਏ ਸਨ। ਟਰੰਪ ਨੇ ਰਾਸ਼ਟਰ ਦੇ ਨਾਮ ਸੰਬੋਧਨ ਵਿਚ ਕਿਹਾ ਕਿ ਇਹ ਕਿਸੇ ਵਿਅਕਤੀ ਦੀ ਕਾਰਵਾਈ ਨਹੀਂ ਹੈ, ਇਹ ਇਕ ਦਾਨਵ ਦੇ ਅਪਰਾਧ ਹਨ। ਉਨ੍ਹਾਂ ਕਿਹਾ ਕਿ ਅਮਰੀਕਾ, ਸੀਰੀਆ 'ਤੇ ਉਦੋਂ ਤਕ ਦਬਾਅ ਬਣਾਏ ਰੱਖੇਗਾ ਜਦੋਂ ਤਕ ਅਸਦ ਸਰਕਾਰ ਰਸਾਇਣਕ ਹਥਿਆਰਾਂ ਦੀ ਵਰਤੋਂ ਬੰਦ ਨਹੀਂ ਕਰ ਦਿੰਦੀ। ਉਨ੍ਹਾਂ ਨੇ ਸੀਰੀਆਈ ਸਰਕਾਰ ਵਿਰੁਧ ਲੜਾਈ ਵਿਚ ਸ਼ਾਮਲ ਹੋਣ ਲਈ ਬਰਤਾਨੀਆ ਅਤੇ ਫ਼ਰਾਂਸ ਦਾ ਧੰਨਵਾਦ ਕੀਤਾ।