ਭਾਰਤ ਸਮੇਤ ਹਜ਼ਾਰਾਂ ਸਿੱਖਾਂ ਨੇ ਪਾਕਿਸਤਾਨ ’ਚ ਮਨਾਈ ਵਿਸਾਖੀ
ਪ੍ਰਧਾਨ ਮੰਤਰੀ ਸ਼ਾਹਬਾਜ਼ ਤੇ ਰਾਸ਼ਟਰਪਤੀ ਜ਼ਰਦਾਰੀ ਨੇ ਦਿਤੀਆਂ ਵਧਾਈਆਂ
ਇਸਲਾਮਾਬਾਦ/ਲਾਹੌਰ: ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਵਿਸਾਖੀ ਦੇ ਤਿਉਹਾਰ ਦੇ ਮੁੱਖ ਸਮਾਗਮ ਵਿਚ ਭਾਰਤ ਸਮੇਤ ਦੁਨੀਆ ਭਰ ਦੇ ਹਜ਼ਾਰਾਂ ਸਿੱਖਾਂ ਨੇ ਸ਼ਿਰਕਤ ਕੀਤੀ ਅਤੇ ਇਸ ਮੌਕੇ ’ਤੇ ਪਾਕਿਸਤਾਨ ਦੀ ਚੋਟੀ ਦੀ ਲੀਡਰਸ਼ਿਪ ਨੇ ਭਾਈਚਾਰੇ ਨੂੰ ਵਧਾਈਆਂ ਦਿਤੀਆਂ।
ਵਿਸਾਖੀ ਸਿੱਖ ਨਵੇਂ ਸਾਲ ਦਾ ਪ੍ਰਤੀਕ ਹੈ ਅਤੇ 1699 ’ਚ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਖਾਲਸਾ ਪੰਥ ਦੀ ਸਾਜਨਾ ਦੀ ਯਾਦ ਦਿਵਾਉਂਦੀ ਹੈ। ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਪਵਿੱਤਰ ਸਥਾਨਾਂ ਦੀ ਦੇਖਭਾਲ ਕਰਨ ਵਾਲੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਅਨੁਸਾਰ, ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ’ਤੇ ਖਾਲਸੇ ਦੇ 326ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਵਾਲੇ ਸਥਾਨਕ ਲੋਕਾਂ ਵਿਚ ਲਗਭਗ 10,000 ਵਿਦੇਸ਼ੀ ਸਿੱਖ ਵੀ ਸ਼ਾਮਲ ਸਨ।
ਈ.ਟੀ.ਪੀ.ਬੀ. ਦੇ ਬੁਲਾਰੇ ਗੁਲਾਮ ਮੁਹਾਯੂਦੀਨ ਨੇ ਕਿਹਾ ਕਿ 10,000 ਵਿਦੇਸ਼ੀ ਸਿੱਖਾਂ ਵਿਚੋਂ 6,700 ਭਾਰਤ ਤੋਂ ਅਤੇ ਹੋਰ ਕੈਨੇਡਾ, ਅਮਰੀਕਾ, ਬਰਤਾਨੀਆਂ, ਆਸਟਰੇਲੀਆ ਅਤੇ ਹੋਰ ਦੇਸ਼ਾਂ ਤੋਂ ਆਏ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਇੰਨੇ ਵੱਡੇ ਇਕੱਠ ਦੀ ਸਹੂਲਤ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 50 ਸਾਲਾਂ ’ਚ ਪਹਿਲੀ ਵਾਰ ਪਾਕਿਸਤਾਨ ਸਰਕਾਰ ਨੇ ਸਦਭਾਵਨਾ ਵਜੋਂ ਵਿਸਾਖੀ ਦੇ ਤਿਉਹਾਰ ਲਈ ਭਾਰਤੀ ਸਿੱਖ ਸ਼ਰਧਾਲੂਆਂ ਨੂੰ 6,700 ਤੋਂ ਵੱਧ ਵੀਜ਼ੇ ਜਾਰੀ ਕੀਤੇ ਹਨ।
ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਅਪਣੇ ਸੰਦੇਸ਼ ਵਿਚ ਕਿਹਾ ਕਿ ਵਿਸਾਖੀ ਪਾਕਿਸਤਾਨ ਦੀ ਸਭਿਆਚਾਰਕ ਅਤੇ ਧਾਰਮਕ ਵੰਨ-ਸੁਵੰਨਤਾ ਵਿਚ ਸੁੰਦਰਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਪਾਕਿਸਤਾਨ ਦੀ ਤਰੱਕੀ ਅਤੇ ਖੁਸ਼ਹਾਲੀ ’ਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ, ‘‘ਸਾਡਾ ਸੰਵਿਧਾਨ ਘੱਟ ਗਿਣਤੀਆਂ ਲਈ ਪੂਰੀ ਧਾਰਮਕ ਆਜ਼ਾਦੀ, ਬਰਾਬਰ ਅਧਿਕਾਰਾਂ ਅਤੇ ਸੁਰੱਖਿਆ ਦੀ ਗਰੰਟੀ ਦਿੰਦਾ ਹੈ ਅਤੇ ਪਾਕਿਸਤਾਨ ਅੰਤਰ-ਧਰਮ ਸਦਭਾਵਨਾ, ਸਹਿਣਸ਼ੀਲਤਾ ਅਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ।’’
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ, ‘‘ਇਹ ਤਿਉਹਾਰ ਹਾੜ੍ਹੀ ਦੀ ਫਸਲ ਦੇ ਪੱਕਣ ਦਾ ਪ੍ਰਤੀਕ ਹੈ- ਇਹ ਕਿਸਾਨਾਂ ਲਈ ਬਹੁਤ ਖੁਸ਼ੀ ਦਾ ਸਮਾਂ ਹੈ ਕਿਉਂਕਿ ਉਹ ਅਪਣੀ ਸਖਤ ਮਿਹਨਤ ਦਾ ਫਲ ਲੈਂਦੇ ਹਨ ਅਤੇ ਉਮੀਦ, ਏਕਤਾ ਅਤੇ ਨਵੀਨੀਕਰਨ ਦੀ ਸਥਾਈ ਭਾਵਨਾ ਦੀ ਯਾਦ ਦਿਵਾਉਂਦੇ ਹਨ ਜੋ ਸਾਡੇ ਭਾਈਚਾਰਿਆਂ ਨੂੰ ਪ੍ਰੇਰਿਤ ਅਤੇ ਇਕਜੁੱਟ ਕਰਦੀ ਹੈ ਅਤੇ ਸਾਡੇ ਮਹਾਨ ਰਾਸ਼ਟਰ ਦੀ ਤਾਕਤ ਬਣਦੀ ਹੈ।’’
ਉਨ੍ਹਾਂ ਕਿਹਾ, ‘‘ਸਾਨੂੰ ਵਿਸਾਖੀ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਨਵੀਂ ਊਰਜਾ ਅਤੇ ਉਦੇਸ਼ ਨਾਲ ਮਿਲ ਕੇ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਇਕ ਉੱਜਵਲ, ਵਧੇਰੇ ਸਮਾਵੇਸ਼ੀ ਅਤੇ ਮਜ਼ਬੂਤ ਕੱਲ੍ਹ ਦਾ ਨਿਰਮਾਣ ਕੀਤਾ ਜਾ ਸਕੇ।’’
ਹਿੱਸਾ ਲੈਣ ਵਾਲੇ ਜ਼ਿਆਦਾਤਰ ਸਿੱਖ ਪਹਿਲੀ ਵਾਰ ਪਾਕਿਸਤਾਨ ਵਿਚ ਅਪਣੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰ ਕੇ ਬਹੁਤ ਖੁਸ਼ ਹੋਏ। ਭਾਰਤ ਤੋਂ ਦਿੱਲੀ ਗੁਰਦੁਆਰਾ ਪਰ ਬੰਧਕ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਸਰਨਾ ਸਮੇਤ ਹੋਰ ਸਿੱਖ ਆਗੂਆਂ ਨੇ ਵੀ ਸੰਬੋਧਨ ਕੀਤਾ।