ਇੰਡੋਨੇਸ਼ੀਆ : ਤਿੰਨ ਚਰਚਾਂ 'ਤੇ ਆਤਮਘਾਤੀ ਹਮਲੇ, 11 ਮੌਤਾਂ
ਇੰਡੋਨੇਸ਼ੀਆ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਸਰਬਾਇਆ 'ਚ ਚਰਚਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿਚ ਘੱਟ ਤੋਂ ਘੱਟ ....
ਜਕਾਰਤਾ, ਇੰਡੋਨੇਸ਼ੀਆ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਸਰਬਾਇਆ 'ਚ ਚਰਚਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿਚ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 41 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਇਨ੍ਹਾਂ ਵਿਚੋਂ ਇਕ ਆਤਮਘਾਤੀ ਹਮਲਾ ਸੀ।ਪੁਲਿਸ ਨੇ ਇਸ ਹਮਲੇ ਬਾਰੇ ਬਿਆਨ ਦਿਤਾ ਹੈ ਕਿ ਦੁਨੀਆਂ ਦੇ ਸੱਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ਵਿਚ ਇਕ ਘੱਟ ਗਿਣਤੀ ਧਾਰਮਕ ਸਮਾਜ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦਾ ਇਹ ਸੱਭ ਤੋਂ ਨਵਾਂ ਮਾਮਲਾ ਹੈ।ਈਸਟ ਜਾਵਾ ਦੇ ਪੁਲਿਸ ਬੁਲਾਰੇ ਫ਼ਰਾਂਸ ਬਰੂੰਗਾ ਮਨਗੇਰਾ ਨੇ ਦਸਿਆ ਕਿ ਤਿੰਨ ਚਰਚਾਂ 'ਤੇ ਤਿੰਨ ਹਮਲੇ ਕੀਤੇ ਗਏ। ਪੁਲਿਸ ਨੇ ਦਸਿਆ ਕਿ ਇਹ ਸਾਰੇ ਧਮਾਕੇ 10 ਮਿੰਟ ਦੇ ਅੰਦਰ ਹੋਏ ਜਦਕਿ ਪਹਿਲਾ ਧਮਾਕਾ ਸਵੇਰੇ ਸਾਢੇ 7 ਵਜੇ ਹੋਇਆ। ਪੁਲਿਸ ਨੇ ਸਿਰਫ਼ ਸਾਂਤਾ ਮਾਰੀਆ ਕੈਥੋਲਿਕ ਚਰਚ 'ਤੇ ਹੋਏ ਹਮਲੇ ਦਾ ਵੇਰਵਾ ਦਿਤਾ ਹੈ। ਹਾਲਾਂਕਿ ਅਜੇ ਤਕ ਕਿਸੇ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਮੰਗੇਰਾ ਨੇ ਦਸਿਆ ਕਿ ਹਸਪਤਾਲ ਵਿਚ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਦੋ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ। ਉਨ੍ਹਾਂ ਦਸਿਆ ਕਿ ਹਸਪਤਾਲ ਵਿਚ 41 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਬੰਬ ਧਮਾਕਿਆਂ 'ਚ ਘੱਟੋ-ਘੱਟ 5 ਆਤਮਘਾਤੀ ਹਮਲਾਵਾਰ ਸ਼ਾਮਲ ਸਨ, ਜਿਨ੍ਹਾਂ 'ਚ ਇਕ ਨਕਾਬਪੋਸ਼ ਔਰਤ ਅਤੇ ਉਸ ਦੇ ਨਾਲ ਦੋ ਬੱਚੇ ਵੀ ਸ਼ਾਮਲ ਸਨ।ਜ਼ਿਕਰਯੋਗ ਹੈ ਕਿ ਸਾਲ 2000 'ਚ ਕ੍ਰਿਸਮਸ ਮੌਕੇ ਚਰਚਾਂ 'ਤੇ ਹੋਏ ਹਮਲੇ ਤੋਂ ਬਾਅਦ ਇਹ ਸੱਭ ਤੋਂ ਭਿਆਨਕ ਹਮਲਾ ਹੈ। ਉਸ ਹਮਲੇ 'ਚ 15 ਲੋਕਾਂ ਦੀ ਮੌਤ ਹੋਈ ਸੀ ਅਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਇੰਡੋਨੇਸ਼ੀਆ 'ਚ ਧਾਰਮਕ ਘੱਟਗਿਣਤੀਆਂ ਅਤੇ ਖ਼ਾਸ ਕਰ ਕੇ ਈਸਾਈਆਂ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। (ਪੀਟੀਆਈ)